ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ਼-IV ਪ੍ਰੋਜੈਕਟ ਦੇ ਦੋ ਨਵੇਂ ਕੌਰੀਡੋਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਰਾਸ਼ਟਰੀ ਰਾਜਧਾਨੀ ਵਿੱਚ ਮੈਟਰੋ ਕਨੈਕਟਿਵਿਟੀ ਹੋਰ ਬਿਹਤਰ ਹੋਣ ਦੀ ਉਮੀਦ ਹੈ।
ਦੋ ਕੌਰੀਡੋਰ ਹਨ;
ੳ) ਇੰਦਰਲੋਕ - ਇੰਦਰਪ੍ਰਸਥ 12.377 ਕਿ.ਮੀ
ਅ) ਲਾਜਪਤ ਨਗਰ - ਸਾਕੇਤ ਜੀ ਬਲਾਕ 8.385 ਕਿ.ਮੀ
ਪ੍ਰੋਜੈਕਟ ਦੀ ਲਾਗਤ ਅਤੇ ਫੰਡਿੰਗ
ਦਿੱਲੀ ਮੈਟਰੋ ਦੇ ਫੇਜ਼ - IV ਪ੍ਰੋਜੈਕਟ ਦੇ ਇਨ੍ਹਾਂ ਦੋ ਕੌਰੀਡੋਰਾਂ ਦੀ ਕੁੱਲ ਪ੍ਰੋਜੈਕਟ ਲਾਗਤ 8,399 ਕਰੋੜ ਰੁਪਏ ਹੈ, ਜੋ ਭਾਰਤ ਸਰਕਾਰ, ਦਿੱਲੀ ਸਰਕਾਰ ਅਤੇ ਅੰਤਰਰਾਸ਼ਟਰੀ ਫੰਡਿੰਗ ਏਜੰਸੀਆਂ ਤੋਂ ਪ੍ਰਾਪਤ ਕੀਤੀ ਜਾਵੇਗੀ।
ਇਹ ਦੋ ਲਾਇਨਾਂ 20.762 ਕਿਲੋਮੀਟਰ ਨੂੰ ਕਵਰ ਕਰਨਗੀਆਂ। ਇੰਦਰਲੋਕ - ਇੰਦਰਪ੍ਰਸਥ ਕੌਰੀਡੋਰ ਗ੍ਰੀਨ ਲਾਇਨ ਦਾ ਵਿਸਤਾਰ ਹੋਵੇਗਾ ਅਤੇ ਇਹ ਰੈੱਡ, ਯੈਲੋ, ਏਅਰਪੋਰਟ ਲਾਇਨ, ਮੈਜੰਟਾ, ਵਾਇਲੇਟ ਅਤੇ ਬਲੂ ਲਾਇਨਾਂ ਨਾਲ ਇੰਟਰਚੇਂਜ ਪ੍ਰਦਾਨ ਕਰੇਗਾ, ਜਦ ਕਿ ਲਾਜਪਤ ਨਗਰ - ਸਾਕੇਤ ਜੀ ਬਲਾਕ ਕੌਰੀਡੋਰ ਸਿਲਵਰ, ਮੈਜੰਟਾ, ਪਿੰਕ ਅਤੇ ਵਾਇਲੇਟ ਲਾਇਨਾਂ ਨੂੰ ਜੋੜੇਗਾ।
ਲਾਜਪਤ ਨਗਰ - ਸਾਕੇਤ ਜੀ ਬਲਾਕ ਕੌਰੀਡੋਰ ਪੂਰੀ ਤਰ੍ਹਾਂ ਨਾਲ ਐਲੀਵੇਟਿਡ ਹੋਵੇਗਾ ਅਤੇ ਇਸ ਵਿੱਚ ਅੱਠ ਸਟੇਸ਼ਨ ਹੋਣਗੇ। ਇੰਦਰਲੋਕ - ਇੰਦਰਪ੍ਰਸਥ ਕੌਰੀਡੋਰ ਵਿੱਚ 11.349 ਕਿਲੋਮੀਟਰ ਭੂਮੀਗਤ ਲਾਇਨਾਂ ਅਤੇ 1.028 ਕਿਲੋਮੀਟਰ ਐਲੀਵੇਟਿਡ ਲਾਇਨਾਂ ਹੋਣਗੀਆਂ ਜਿਸ ਵਿੱਚ 10 ਸਟੇਸ਼ਨ ਹੋਣਗੇ।
ਇੰਦਰਲੋਕ - ਇੰਦਰਪ੍ਰਸਥ ਲਾਇਨ ਹਰਿਆਣਾ ਦੇ ਬਹਾਦੁਰਗੜ੍ਹ ਖੇਤਰ ਨੂੰ ਬਿਹਤਰ ਕਨੈਕਟਿਵਿਟੀ ਪ੍ਰਦਾਨ ਕਰੇਗੀ ਕਿਉਂਕਿ ਇਨ੍ਹਾਂ ਖੇਤਰਾਂ ਦੇ ਯਾਤਰੀ ਸਿੱਧੇ ਇੰਦਰਪ੍ਰਸਥ ਦੇ ਨਾਲ-ਨਾਲ ਮੱਧ ਅਤੇ ਪੂਰਬੀ ਦਿੱਲੀ ਦੇ ਵਿਭਿੰਨ ਹੋਰ ਖੇਤਰਾਂ ਤੱਕ ਪਹੁੰਚਣ ਲਈ ਗ੍ਰੀਨ ਲਾਇਨ 'ਤੇ ਯਾਤਰਾ ਕਰਨ ਦੇ ਸਮਰੱਥ ਹੋਣਗੇ।
ਇਨ੍ਹਾਂ ਕੌਰੀਡੋਰਾਂ 'ਤੇ ਇੰਦਰਲੋਕ, ਨਬੀ ਕਰੀਮ, ਨਵੀਂ ਦਿੱਲੀ, ਦਿੱਲੀ ਗੇਟ, ਇੰਦਰਪ੍ਰਸਥ, ਲਾਜਪਤ ਨਗਰ, ਚਿਰਾਗ ਦਿੱਲੀ ਅਤੇ ਸਾਕੇਤ ਜੀ ਬਲਾਕ ਵਿਖੇ ਅੱਠ ਨਵੇਂ ਇੰਟਰਚੇਂਜ ਸਟੇਸ਼ਨ ਬਣਾਏ ਜਾਣਗੇ। ਇਹ ਸਟੇਸ਼ਨ ਦਿੱਲੀ ਮੈਟਰੋ ਨੈੱਟਵਰਕ ਦੀਆਂ ਸਾਰੀਆਂ ਸੰਚਾਲਨ ਲਾਇਨਾਂ ਦੇ ਦਰਮਿਆਨ ਆਪਸੀ ਕਨੈਕਟਿਵਿਟੀ ਵਿੱਚ ਮਹੱਤਵਪੂਰਨ ਸੁਧਾਰ ਕਰਨਗੇ।
ਦਿੱਲੀ ਮੈਟਰੋ ਆਪਣੇ ਚੌਥੇ ਫੇਜ਼ ਦੇ ਵਿਸਤਾਰ ਦੇ ਹਿੱਸੇ ਦੇ ਰੂਪਵਿੱਚ ਪਹਿਲਾਂ ਹੀ 65 ਕਿਲੋਮੀਟਰ ਦਾ ਨੈੱਟਵਰਕ ਬਣਾ ਰਹੀ ਹੈ। ਇਨ੍ਹਾਂ ਨਵੇਂ ਕੌਰੀਡੋਰਾਂ ਦੇ ਮਾਰਚ 2026 ਤੱਕ ਪੜਾਅਵਾਰ ਮੁਕੰਮਲ ਹੋਣ ਦੀ ਉਮੀਦ ਹੈ। ਵਰਤਮਾਨ ਵਿੱਚ, ਡੀਐੱਮਆਰਸੀ (DMRC) 286 ਸਟੇਸ਼ਨਾਂ ਵਾਲੇ 391 ਕਿਲੋਮੀਟਰ ਦਾ ਇੱਕ ਨੈਟਵਰਕ ਚਲਾਉਂਦਾ ਹੈ। ਦਿੱਲੀ ਮੈਟਰੋ ਹੁਣ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਮੈਟਰੋ ਨੈੱਟਵਰਕਾਂ ਵਿੱਚੋਂ ਇੱਕ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ (DMRC) ਨੇ ਪਹਿਲਾਂ ਹੀ ਪ੍ਰੀ-ਬਿਡ ਗਤੀਵਿਧੀਆਂ ਅਤੇ ਟੈਂਡਰ ਦਸਤਾਵੇਜ਼ਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।