ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਰੇਲ ਮੰਤਰਾਲੇ ਦੁਆਰਾ 2798.16 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਈ ਜਾਣ ਵਾਲੀ ਤਰੰਗਾ ਹਿੱਲ-ਅੰਬਾਜੀ-ਆਬੂ ਰੋਡ ਨਵੀਂ ਰੇਲ ਲਾਈਨ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਨਵੀਂ ਰੇਲ ਲਾਈਨ ਦੀ ਕੁੱਲ ਲੰਬਾਈ 116.65 ਕਿਲੋਮੀਟਰ ਹੋਵੇਗੀ। ਇਹ ਪ੍ਰੋਜੈਕਟ 2026-27 ਤੱਕ ਪੂਰਾ ਹੋ ਜਾਵੇਗਾ। ਇਹ ਪ੍ਰੋਜੈਕਟ ਉਸਾਰੀ ਦੌਰਾਨ ਤਕਰੀਬਨ 40 ਲੱਖ ਕਾਰਜ ਦਿਨਾਂ (mandays) ਲਈ ਪ੍ਰਤੱਖ ਰੋਜ਼ਗਾਰ ਪੈਦਾ ਕਰੇਗਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਵੇਂ ਭਾਰਤ ਦੇ ਵਿਜ਼ਨ ਦੇ ਅਨੁਸਾਰ, ਇਹ ਪ੍ਰੋਜੈਕਟ ਕਨੈਕਟੀਵਿਟੀ ਵਧਾਉਣ ਅਤੇ ਗਤੀਸ਼ੀਲਤਾ ਵਿੱਚ ਸੁਧਾਰ ਕਰਨ ਜਾ ਰਿਹਾ ਹੈ ਜਿਸ ਨਾਲ ਖੇਤਰ ਦਾ ਸਮੁੱਚਾ ਸਮਾਜਿਕ ਆਰਥਿਕ ਵਿਕਾਸ ਹੋਵੇਗਾ।
ਅੰਬਾਜੀ ਇੱਕ ਮਕਬੂਲ ਮਹੱਤਵਪੂਰਨ ਤੀਰਥ ਅਸਥਾਨ ਹੈ ਅਤੇ ਭਾਰਤ ਵਿੱਚ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ ਅਤੇ ਹਰ ਵਰ੍ਹੇ ਗੁਜਰਾਤ ਦੇ ਨਾਲ-ਨਾਲ ਦੇਸ਼ ਦੇ ਹੋਰ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਲਾਈਨ ਦੇ ਬਣਨ ਨਾਲ ਇਹ ਲੱਖਾਂ ਸ਼ਰਧਾਲੂ ਅਸਾਨੀ ਨਾਲ ਯਾਤਰਾ ਕਰ ਸਕਣਗੇ।
ਇਸ ਤੋਂ ਇਲਾਵਾ, ਤਰੰਗਾ ਪਹਾੜੀ ਵਿਖੇ ਸਥਿਤ ਅਜੀਤਨਾਥ ਜੈਨ ਮੰਦਿਰ (24 ਪਵਿੱਤਰ ਜੈਨ ਤੀਰਥੰਕਰਾਂ ਵਿੱਚੋਂ ਇੱਕ) ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਵੀ ਇਸ ਕਨੈਕਟੀਵਿਟੀ ਤੋਂ ਬਹੁਤ ਲਾਭ ਮਿਲੇਗਾ। ਤਰੰਗਾ ਹਿੱਲ-ਅੰਬਾਜੀ-ਆਬੂ ਰੋਡ ਦਰਮਿਆਨ ਇਹ ਨਵੀਂ ਰੇਲਵੇ ਲਾਈਨ ਇਨ੍ਹਾਂ ਦੋ ਮਹੱਤਵਪੂਰਨ ਧਾਰਮਿਕ ਅਸਥਾਨਾਂ ਨੂੰ ਰੇਲਵੇ ਦੇ ਮੁੱਖ ਨੈੱਟਵਰਕ ਨਾਲ ਜੋੜ ਦੇਵੇਗੀ।
ਇਹ ਲਾਈਨ ਖੇਤੀਬਾੜੀ ਅਤੇ ਸਥਾਨਕ ਉਤਪਾਦਾਂ ਦੀ ਤੇਜ਼ੀ ਨਾਲ ਆਵਾਜਾਈ ਦੀ ਸੁਵਿਧਾ ਦੇਵੇਗੀ ਅਤੇ ਇਸ ਖੇਤਰ ਵਿੱਚ ਗੁਜਰਾਤ ਅਤੇ ਰਾਜਸਥਾਨ ਰਾਜ ਦੇ ਅੰਦਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਲੋਕਾਂ ਦੀ ਬਿਹਤਰ ਗਤੀਸ਼ੀਲਤਾ ਪ੍ਰਦਾਨ ਕਰੇਗੀ। ਇਹ ਪ੍ਰੋਜੈਕਟ ਮੌਜੂਦਾ ਅਹਿਮਦਾਬਾਦ-ਆਬੂ ਰੋਡ ਰੇਲਵੇ ਲਾਈਨ ਲਈ ਬਦਲਵਾਂ ਰੂਟ ਵੀ ਪ੍ਰਦਾਨ ਕਰੇਗਾ।
ਪ੍ਰਸਤਾਵਿਤ ਡਬਲਿੰਗ ਦੀ ਅਲਾਈਨਮੈਂਟ ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਅਤੇ ਗੁਜਰਾਤ ਦੇ ਬਨਾਸਕਾਂਠਾ ਅਤੇ ਮਹੇਸਾਨਾ ਜ਼ਿਲ੍ਹਿਆਂ ਵਿੱਚੋਂ ਲੰਘੇਗੀ। ਨਵੀਂ ਰੇਲ ਲਾਈਨ ਦੇ ਨਿਰਮਾਣ ਨਾਲ ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ ਖੇਤਰ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।