ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਅੱਗੇ ਵਧਾਉਣ ਅਤੇ ਇਲੈਕਟ੍ਰੌਨਿਕ ਸਿਸਟਮ ਡਿਜ਼ਾਈਨ ਅਤੇ ਮੈਨੂਫੈਕਚਰਿੰਗ ਲਈ ਭਾਰਤ ਨੂੰ ਗਲੋਬਲ ਹੱਬ ਬਣਾਉਣ ਲਈ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਦੇ ਵਿਕਾਸ ਲਈ ਵਿਆਪਕ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰੋਗਰਾਮ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਦੇ ਨਾਲ-ਨਾਲ ਡਿਜ਼ਾਈਨ ਵਿੱਚ ਕੰਪਨੀਆਂ ਨੂੰ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਪ੍ਰੋਤਸਾਹਨ ਪੈਕੇਜ ਪ੍ਰਦਾਨ ਕਰਕੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਇਹ ਰਣਨੀਤਕ ਮਹੱਤਤਾ ਅਤੇ ਆਰਥਿਕ ਆਤਮਨਿਰਭਰਤਾ ਦੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੀ ਟੈਕਨੀਕਲ ਅਗਵਾਈ ਲਈ ਰਾਹ ਪੱਧਰਾ ਕਰੇਗਾ।
ਸੈਮੀਕੰਡਕਟਰ ਅਤੇ ਡਿਸਪਲੇਜ਼ ਆਧੁਨਿਕ ਇਲੈਕਟ੍ਰੌਨਿਕਸ ਦੀ ਨੀਂਹ ਹਨ ਜੋ ਇੰਡਸਟ੍ਰੀ 4.0 ਦੇ ਤਹਿਤ ਡਿਜੀਟਲ ਪਰਿਵਰਤਨ ਦੇ ਅਗਲੇ ਪੜਾਅ ਵੱਲ ਵਧ ਰਹੇ ਹਨ। ਸੈਮੀਕੰਡਕਟਰ ਅਤੇ ਡਿਸਪਲੇ ਮੈਨੂਫੈਕਚਰਿੰਗ ਬਹੁਤ ਹੀ ਗੁੰਝਲਦਾਰ ਅਤੇ ਟੈਕਨੋਲੋਜੀ-ਇਨਟੈਂਸਿਵ ਸੈਕਟਰ ਹੈ, ਜਿਸ ਵਿੱਚ ਭਾਰੀ ਪੂੰਜੀ ਨਿਵੇਸ਼, ਉੱਚ ਜੋਖਮ, ਲੰਬੀ ਮਿਆਦ ਅਤੇ ਵਾਪਸੀ ਦੀ ਮਿਆਦ ਅਤੇ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਤਬਦੀਲੀ ਸ਼ਾਮਲ ਹੁੰਦੀ ਹੈ ਅਤੇ ਉੱਚ ਅਤੇ ਨਿਰੰਤਰ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ। ਇਹ ਪ੍ਰੋਗਰਾਮ ਪੂੰਜੀ ਸਹਾਇਤਾ ਅਤੇ ਟੈਕਨੀਕਲ ਸਹਿਯੋਗ ਦੀ ਸੁਵਿਧਾ ਦੇ ਕੇ ਸੈਮੀਕੰਡਕਟਰ ਅਤੇ ਡਿਸਪਲੇ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਵੇਗਾ।
ਪ੍ਰੋਗਰਾਮ ਦਾ ਉਦੇਸ਼ ਉਹਨਾਂ ਕੰਪਨੀਆਂ/ਸੰਸਥਾਵਾਂ ਨੂੰ ਆਕਰਸ਼ਕ ਪ੍ਰੋਤਸਾਹਨ ਸਹਾਇਤਾ ਪ੍ਰਦਾਨ ਕਰਨਾ ਹੈ ਜੋ ਸਿਲੀਕੌਨ ਸੈਮੀਕੰਡਕਟਰ ਫੈਬਸ, ਡਿਸਪਲੇ ਫੈਬਸ, ਕੰਪਾਊਂਡ ਸੈਮੀਕੰਡਕਟਰ/ਸਿਲੀਕੌਨ ਫੋਟੋਨਿਕਸ/ਸੈਂਸਰ (ਐੱਮਈਐੱਮਐੱਸਸਮੇਤ) ਫੈਬਸ, ਸੈਮੀਕੰਡਕਟਰ ਪੈਕੇਜਿੰਗ (ਏਟੀਐੱਮਪੀ/ਓਐੱਸਏਟੀ), ਸੈਮੀਕੰਡਕਟਰ ਡਿਜ਼ਾਈਨ ਵਿੱਚ ਲੱਗੀਆਂ ਹੋਈਆਂ ਹਨ।
ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਹੇਠਾਂ ਦਿੱਤੇ ਵਿਆਪਕ ਪ੍ਰੋਤਸਾਹਨ ਨੂੰ ਮਨਜ਼ੂਰੀ ਦਿੱਤੀ ਗਈ ਹੈ:
ਸੈਮੀਕੰਡਕਟਰ ਫੈਬਸ ਅਤੇ ਡਿਸਪਲੇ ਫੈਬਸ: ਭਾਰਤ ਵਿੱਚ ਸੈਮੀਕੰਡਕਟਰ ਫੈਬਸ ਅਤੇ ਡਿਸਪਲੇ ਫੈਬਸ ਨੂੰ ਸਥਾਪਿਤ ਕਰਨ ਦੀ ਸਕੀਮ, ਉਨ੍ਹਾਂ ਬਿਨੈਕਾਰਾਂ ਨੂੰ ਪੈਰੀ-ਪਾਸੂ ਅਧਾਰ 'ਤੇ ਪ੍ਰੋਜੈਕਟ ਲਾਗਤ ਦੇ 50% ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਜੋ ਪਾਤਰ ਪਾਏ ਗਏ ਹਨ ਅਤੇ ਉਹਨਾਂ ਪਾਸ ਟੈਕਨੋਲੋਜੀ ਦੇ ਨਾਲ-ਨਾਲ ਅਜਿਹੇ ਉੱਚ ਪੂੰਜੀ ਵਾਲੇ ਅਤੇ ਸੰਸਾਧਨ-ਸਬੰਧੀ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਸਮਰੱਥਾ ਹੈ। ਭਾਰਤ ਸਰਕਾਰ ਦੇਸ਼ ਵਿੱਚ ਘੱਟੋ-ਘੱਟ ਦੋ ਗ੍ਰੀਨਫੀਲਡ ਸੈਮੀਕੰਡਕਟਰ ਫੈਬਸ ਅਤੇ ਦੋ ਡਿਸਪਲੇ ਫੈਬਸ ਸਥਾਪਿਤ ਕਰਨ ਲਈ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਲਈ ਜ਼ਮੀਨ, ਸੈਮੀਕੰਡਕਟਰ-ਗ੍ਰੇਡਵਾਟਰ, ਉੱਚ ਗੁਣਵੱਤਾ ਵਾਲੀ ਪਾਵਰ, ਲੌਜਿਸਟਿਕਸ ਅਤੇ ਰਿਸਰਚ ਈਕੋਸਿਸਟਮ ਦੇ ਸੰਦਰਭ ਵਿੱਚ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ ਹਾਈ-ਟੈੱਕ ਕਲਸਟਰ ਸਥਾਪਿਤ ਕਰਨ ਲਈ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰੇਗੀ।
ਸੈਮੀ-ਕੰਡਕਟਰ ਲੈਬਾਰਟਰੀ (ਐੱਸਸੀਐੱਲ): ਕੇਂਦਰੀ ਕੈਬਨਿਟ ਨੇ ਇਹ ਵੀ ਮਨਜ਼ੂਰੀ ਦਿੱਤੀ ਹੈ ਕਿ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਸੈਮੀ-ਕੰਡਕਟਰ ਲੈਬਾਰਟਰੀ (ਐੱਸਸੀਐੱਲ) ਦੇ ਆਧੁਨਿਕੀਕਰਣ ਅਤੇ ਵਪਾਰੀਕਰਣ ਲਈ ਲੋੜੀਂਦੇ ਕਦਮ ਚੁੱਕੇਗਾ। ਮਾਇਟੀ (MeitY) ਬ੍ਰਾਊਨਫੀਲਡ ਫੈਬ ਸੁਵਿਧਾ ਨੂੰ ਆਧੁਨਿਕ ਬਣਾਉਣ ਲਈ ਇੱਕ ਵਪਾਰਕ ਫੈਬ ਭਾਈਵਾਲ ਨਾਲ ਐੱਸਸੀਐੱਲ ਦੇ ਸਾਂਝੇ ਉੱਦਮ ਲਈ ਸੰਭਾਵਨਾਵਾਂ ਦੀ ਪੜਚੋਲ ਕਰੇਗਾ।
ਕੰਪਾਊਂਡ ਸੈਮੀਕੰਡਕਟਰ/ਸਿਲੀਕੌਨ ਫੋਟੋਨਿਕਸ/ਸੈਂਸਰ (ਐੱਮਈਐੱਮਐੱਸ ਸਮੇਤ) ਫੈਬਸ ਅਤੇ ਸੈਮੀਕੰਡਕਟਰ ਏਟੀਐੱਮਪੀ/ਓਐੱਸਏਟੀ ਯੂਨਿਟਸ: ਭਾਰਤ ਵਿੱਚ ਕੰਪਾਊਂਡ ਸੈਮੀਕੰਡਕਟਰ/ਸਿਲਿਕੌਨ ਫੋਟੋਨਿਕਸ/ਸੈਂਸਰ (ਐੱਮਈਐੱਮਐੱਸ ਸਮੇਤ) ਫੈਬਸ ਅਤੇ ਸੈਮੀਕੰਡਕਟਰ ਏਟੀਐੱਮਪੀ/ਓਐੱਸਏਟੀ ਪਲਾਂਟਾਂ ਦੀ ਸਥਾਪਨਾ ਲਈ ਯੋਜਨਾ ਤਹਿਤ ਮਨਜ਼ੂਰ ਕੀਤੇ ਯੂਨਿਟਾਂ ਨੂੰ ਪੂੰਜੀ ਖ਼ਰਚ ਦੇ 30 ਪ੍ਰਤੀਸ਼ਤ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਸਰਕਾਰੀ ਸਹਾਇਤਾ ਨਾਲ ਕੰਪਾਊਂਡ ਸੈਮੀਕੰਡਕਟਰਾਂ ਅਤੇ ਸੈਮੀਕੰਡਕਟਰ ਪੈਕਜਿੰਗ ਦੀਆਂ ਘੱਟੋ-ਘੱਟ 15 ਅਜਿਹੀਆਂ ਇਕਾਈਆਂ ਸਥਾਪਿਤ ਕੀਤੇ ਜਾਣ ਦੀ ਉਮੀਦ ਹੈ।
ਸੈਮੀਕੰਡਕਟਰ ਡਿਜ਼ਾਈਨ ਕੰਪਨੀਆਂ: ਡਿਜ਼ਾਈਨ ਲਿੰਕਡ ਇਨਸੈਂਟਿਵ (ਡੀਐੱਲਆਈ) ਸਕੀਮ ਤਹਿਤ ਪੰਜ ਵਰ੍ਹਿਆਂ ਲਈ ਸ਼ੁੱਧ ਵਿਕਰੀ 'ਤੇ 6% – 4% ਦੇ ਪਾਤਰ ਖ਼ਰਚੇ ਦੇ 50% ਤੱਕ ਉਤਪਾਦ ਡਿਜ਼ਾਇਨ ਲਿੰਕਡ ਇੰਸੈਂਟਿਵ ਅਤੇ ਉਤਪਾਦ ਡਿਪਲਾਇਮੈਂਟ ਲਿੰਕਡ ਇੰਸੈਂਟਿਵ ਦਿੱਤੇ ਜਾਣਗੇ। ਇੰਟੇਗ੍ਰੇਟਿਡ ਸਰਕਟਾਂ (ਆਈਸੀਜ਼-ICs), ਚਿੱਪਸੈੱਟਾਂ, ਸਿਸਟਮ ਔਨ ਚਿਪਸ (ਐੱਸਓਸੀਸ-SoCs), ਸਿਸਟਮ ਅਤੇ ਆਈਪੀ ਕੋਰ ਅਤੇ ਸੈਮੀਕੰਡਕਟਰ ਲਿੰਕਡ ਡਿਜ਼ਾਈਨ ਲਈ ਸੈਮੀਕੰਡਕਟਰ ਡਿਜ਼ਾਈਨ ਦੀਆਂ 100 ਘਰੇਲੂ ਕੰਪਨੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਅਤੇ ਘੱਟ ਤੋਂ ਘੱਟ 20 ਅਜਿਹੀਆਂ ਕੰਪਨੀਆਂ ਦੇ ਵਿਕਾਸ ਦੀ ਸੁਵਿਧਾ ਦਿੱਤੀ ਜਾਵੇਗੀ ਜੋ ਆਉਣ ਵਾਲੇ ਪੰਜ ਵਰ੍ਹਿਆਂ ਵਿੱਚ 1500 ਕਰੋੜ ਰੁਪਏ ਤੋਂ ਵੱਧ ਟਰਨਓਵਰ ਪ੍ਰਾਪਤ ਕਰ ਸਕਦੀਆਂ ਹਨ।
ਇੰਡੀਆ ਸੈਮੀਕੰਡਕਟਰ ਮਿਸ਼ਨ: ਇੱਕ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਨੂੰ ਵਿਕਸਿਤ ਕਰਨ ਲਈ ਲੰਬੇ ਸਮੇਂ ਦੀਆਂ ਰਣਨੀਤੀਆਂ ਨੂੰ ਚਲਾਉਣ ਲਈ, ਇੱਕ ਵਿਸ਼ੇਸ਼ ਅਤੇ ਸੁਤੰਤਰ "ਭਾਰਤ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ)" ਸਥਾਪਿਤ ਕੀਤਾ ਜਾਵੇਗਾ। ਸੈਮੀਕੰਡਕਟਰ ਅਤੇ ਡਿਸਪਲੇ ਉਦਯੋਗ ਵਿੱਚ ਗਲੋਬਲ ਮਾਹਿਰ ਭਾਰਤ ਸੈਮੀਕੰਡਕਟਰ ਮਿਸ਼ਨ ਦੀ ਅਗਵਾਈ ਕਰਨਗੇ। ਇਹ ਸੈਮੀਕੰਡਕਟਰਾਂ ਅਤੇ ਡਿਸਪਲੇ ਈਕੋਸਿਸਟਮ 'ਤੇ ਯੋਜਨਾਵਾਂ ਨੂੰ ਦਕਸ਼ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਨੋਡਲ ਏਜੰਸੀ ਵਜੋਂ ਕੰਮ ਕਰੇਗੀ।
ਸੈਮੀਕੰਡਕਟਰਾਂ ਅਤੇ ਇਲੈਕਟ੍ਰੌਨਿਕਸ ਲਈ ਵਿਆਪਕ ਵਿੱਤੀ ਸਹਾਇਤਾ
ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ 76,000 ਕਰੋੜ ਰੁਪਏ (10 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ) ਦੀ ਲਾਗਤ ਵਾਲੇ ਪ੍ਰੋਗਰਾਮ ਦੀ ਪ੍ਰਵਾਨਗੀ ਦੇ ਨਾਲ, ਭਾਰਤ ਸਰਕਾਰ ਨੇ ਇਲੈਕਟ੍ਰੌਨਿਕ ਕੰਪੋਨੈਂਟਸ, ਸਬ-ਅਸੈਂਬਲੀਆਂ ਸਮੇਤ ਸਪਲਾਈ ਚੇਨ ਦੇ ਹਰ ਹਿੱਸੇ ਲਈ ਪ੍ਰੋਤਸਾਹਨ ਦਾ ਐਲਾਨ ਕੀਤਾ ਹੈ। ਵੱਡੇ ਪੈਮਾਨੇ ਦੇ ਇਲੈਕਟ੍ਰੌਨਿਕਸ ਨਿਰਮਾਣ ਲਈ ਪੀਐੱਲਆਈ, ਆਈਟੀ ਹਾਰਡਵੇਅਰ ਲਈ ਪੀਐੱਲਆਈ, ਸਪੈਕਸ ਸਕੀਮ ਅਤੇ ਅਡਵਾਂਸਡ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲਸਟਰ (ਈਐੱਮਸੀ 2.0) ਸਕੀਮ ਲਈ ਪੀਐੱਲਆਈ ਦੇ ਤਹਿਤ 55,392 ਕਰੋੜ ਰੁਪਏ (7.5 ਅਰਬ ਡਾਲਰ) ਦੀ ਪ੍ਰੋਤਸਾਹਨ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਏਸੀਸੀ ਬੈਟਰੀਆਂ, ਆਟੋ ਕੰਪੋਨੈਂਟਸ, ਟੈਲੀਕੌਮ ਅਤੇ ਨੈੱਟਵਰਕਿੰਗ ਉਤਪਾਦਾਂ, ਸੋਲਰ ਪੀਵੀ ਮੋਡੀਊਲ ਅਤੇ ਵ੍ਹਾਈਟ ਗੁੱਡਸ ਸਮੇਤ ਸਹਿਯੋਗੀ ਖੇਤਰਾਂ ਲਈ 98,000 ਕਰੋੜ ਰੁਪਏ (13 ਬਿਲੀਅਨ ਡਾਲਰ) ਦੇ ਪੀਐੱਲਆਈ ਪ੍ਰੋਤਸਾਹਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੁੱਲ ਮਿਲਾ ਕੇ, ਭਾਰਤ ਸਰਕਾਰ ਨੇ ਬੁਨਿਆਦੀ ਬਿਲਡਿੰਗ ਬਲਾਕਾਂ ਵਜੋਂ ਸੈਮੀਕੰਡਕਟਰਾਂ ਵਾਲੀ ਇਲੈਕਟ੍ਰੌਨਿਕ ਸਮੱਗਰੀ ਦੇ ਨਿਰਮਾਣ ਲਈ ਦੇਸ਼ ਨੂੰ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨ ਲਈ 2,30,000 ਕਰੋੜ ਰੁਪਏ (30 ਬਿਲੀਅਨ ਡਾਲਰ) ਦੀ ਸਹਾਇਤਾ ਲਈ ਪ੍ਰਤੀਬੱਧ ਕੀਤਾ ਹੈ।
ਮੌਜੂਦਾ ਭੂ-ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ, ਸੈਮੀਕੰਡਕਟਰਾਂ ਅਤੇ ਡਿਸਪਲੇ ਦੇ ਭਰੋਸੇਯੋਗ ਸਰੋਤ ਰਣਨੀਤਕ ਮਹੱਤਵ ਰੱਖਦੇ ਹਨ ਅਤੇ ਮਹੱਤਵਪੂਰਨ ਜਾਣਕਾਰੀ ਦੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਜ਼ਰੂਰੀ ਹਨ। ਪ੍ਰਵਾਨਿਤ ਪ੍ਰੋਗਰਾਮ ਭਾਰਤ ਦੀ ਡਿਜੀਟਲ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਇਨੋਵੇਸ਼ਨ ਨੂੰ ਅੱਗੇ ਵਧਾਏਗਾ ਅਤੇ ਘਰੇਲੂ ਸਮਰੱਥਾ ਦਾ ਨਿਰਮਾਣ ਕਰੇਗਾ। ਇਹ ਦੇਸ਼ ਦੇ ਜਨਸੰਖਿਆ ਲਾਭਅੰਸ਼ ਦੀ ਵਰਤੋਂ ਕਰਨ ਲਈ ਉੱਚ ਕੌਸ਼ਲ ਸੰਪੰਨ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।
ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਦੇ ਵਿਕਾਸ ਦਾ ਗਲੋਬਲ ਵੈਲਿਊ ਚੇਨ ਨਾਲ ਡੂੰਘੇ ਏਕੀਕਰਣ ਦੇ ਨਾਲ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਵਿੱਚ ਇੱਕ ਗੁਣਾਤਮਕ ਪ੍ਰਭਾਵ ਪਵੇਗਾ। ਇਹ ਪ੍ਰੋਗਰਾਮ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਉੱਚ ਘਰੇਲੂ ਵੈਲਿਊ ਐਡੀਸ਼ਨ ਨੂੰ ਉਤਸ਼ਾਹਿਤ ਕਰੇਗਾ ਅਤੇ 2025 ਤੱਕ ਇੱਕ ਟ੍ਰਿਲੀਅਨ ਡਾਲਰ ਡਿਜੀਟਲ ਅਰਥਵਿਵਸਥਾ ਅਤੇ 5 ਟ੍ਰਿਲੀਅਨ ਡਾਲਰ ਜੀਡੀਪੀ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ।