ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਤ੍ਰਿਪੁਰਾ ਰਾਜ ਵਿੱਚ 134.913 ਕਿਲੋਮੀਟਰ ਦੀ ਕੁੱਲ ਲੰਬਾਈ ਨੂੰ ਕਵਰ ਕਰਦੇ ਹੋਏ, ਐੱਨਐੱਚ-208 ਦੇ ਕਿਲੋਮੀਟਰ 101.300 (ਖੋਵਾਈ) ਤੋਂ ਕਿਲੋਮੀਟਰ 236.213 (ਹਰੀਨਾ) ਤੱਕ ਪੱਕੀ ਸੜਕ ਦੇ ਨਾਲ ਦੋ ਲੇਨ ਦੇ ਸੁਧਾਰ ਅਤੇ ਚੌੜਾ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਪ੍ਰੋਜੈਕਟ ਵਿੱਚ 2,486.78 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ ਜਿਸ ਵਿੱਚ 1,511.70 ਕਰੋੜ ਰੁਪਏ (ਜੇਪੀਵਾਈ 23,129 ਮਿਲੀਅਨ) ਦਾ ਕਰਜ਼ਾ ਹਿੱਸਾ ਸ਼ਾਮਲ ਹੈ। ਇਹ ਕਰਜ਼ਾ ਸਹਾਇਕ ਅਧਿਕਾਰਿਤ ਵਿਕਾਸ ਸਹਾਇਤਾ (ਓਡੀਏ) ਸਕੀਮ ਦੇ ਤਹਿਤ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇਆਈਸੀਏ) ਤੋਂ ਹੋਵੇਗਾ। ਇਸ ਪ੍ਰੋਜੈਕਟ ਦੀ ਕਲਪਨਾ ਤ੍ਰਿਪੁਰਾ ਦੇ ਵਿਭਿੰਨ ਹਿੱਸਿਆਂ ਦਰਮਿਆਨ ਬਿਹਤਰ ਸੜਕ ਕਨੈਕਟੀਵਿਟੀ ਦੀ ਸੁਵਿਧਾ ਲਈ ਅਤੇ ਮੌਜੂਦਾ ਐੱਨਐੱਚ-8 ਤੋਂ ਇਲਾਵਾ ਤ੍ਰਿਪੁਰਾ ਤੋਂ ਅਸਾਮ ਅਤੇ ਮੇਘਾਲਿਆ ਤੱਕ ਵਿਕਲਪਿਕ ਪਹੁੰਚ ਪ੍ਰਦਾਨ ਕਰਨ ਲਈ ਕੀਤੀ ਗਈ ਹੈ।
ਲਾਭ:
ਇਸ ਪ੍ਰੋਜੈਕਟ ਦੀ ਚੋਣ ਖੇਤਰ ਦੀਆਂ ਸਮਾਜਿਕ ਆਰਥਿਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਿਰਵਿਘਨ ਅਤੇ ਮੋਟਰਯੋਗ ਸੜਕ ਪ੍ਰਦਾਨ ਕਰਨ ਦੀ ਜ਼ਰੂਰਤ ਦੇ ਅਧਾਰ 'ਤੇ ਕੀਤੀ ਗਈ ਹੈ। ਐੱਨਐੱਚ-208 ਦੇ ਪ੍ਰੋਜੈਕਟ ਸਟ੍ਰੈਚ ਦੇ ਵਿਕਾਸ ਨਾਲ ਨਾ ਸਿਰਫ ਐੱਨਐੱਚ-208ਏ ਰਾਹੀਂ ਅਸਾਮ ਅਤੇ ਤ੍ਰਿਪੁਰਾ ਦਰਮਿਆਨ ਅੰਤਰਰਾਜੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਬਲਕਿ ਆਵਾਜਾਈ ਦਾ ਸਮਾਂ ਵੀ ਘੱਟ ਜਾਵੇਗਾ ਅਤੇ ਯਾਤਰੀਆਂ ਲਈ ਸੁਰੱਖਿਅਤ ਕਨੈਕਟੀਵਿਟੀ ਪ੍ਰਦਾਨ ਕਰੇਗਾ। ਇਹ ਪ੍ਰੋਜੈਕਟ ਬੰਗਲਾਦੇਸ਼ ਦੀ ਸਰਹੱਦ ਦੇ ਬਹੁਤ ਨੇੜਿਓਂ ਵੀ ਲੰਘਦਾ ਹੈ ਅਤੇ ਇਹ ਕੈਲਾਸ਼ਹਿਰ, ਕਮਾਲਪੁਰ ਅਤੇ ਖੋਵਾਈ ਬਾਰਡਰ ਚੈੱਕ ਪੋਸਟ ਜ਼ਰੀਏ ਬੰਗਲਾਦੇਸ਼ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ। ਇਸ ਰੋਡ ਪ੍ਰੋਜੈਕਟ ਦੇ ਵਿਕਾਸ ਦੇ ਮਾਧਿਅਮ ਨਾਲ ਖੇਤਰ ਵਿੱਚ ਰੋਡ ਨੈੱਟਵਰਕ ਵਿੱਚ ਸੁਧਾਰ ਹੋਣ ਨਾਲ ਜ਼ਮੀਨੀ ਸਰਹੱਦੀ ਵਪਾਰ ਵੀ ਸੰਭਾਵੀ ਤੌਰ 'ਤੇ ਵਧੇਗਾ।
ਚੁਣਿਆ ਹੋਇਆ ਸਟ੍ਰੈਚ ਰਾਜ ਦੇ ਖੇਤੀਬਾੜੀ ਪੱਟੀ, ਟੂਰਿਸਟ ਸਥਾਨਾਂ, ਧਾਰਮਿਕ ਸਥਾਨਾਂ ਅਤੇ ਕਬਾਇਲੀ ਜ਼ਿਲ੍ਹਿਆਂ ਨੂੰ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰ ਰਿਹਾ ਹੈ, ਜੋ ਵਿਕਾਸ ਅਤੇ ਆਮਦਨ ਦੇ ਮਾਮਲੇ ਵਿੱਚ ਪਛੜੇ ਹੋਏ ਹਨ। ਪ੍ਰੋਜੈਕਟ ਦੇ ਪੂਰਾ ਹੋਣ ਤੋਂ ਬਾਅਦ, ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਜੋ ਰਾਜ ਨੂੰ ਵਧੇਰੇ ਮਾਲੀਆ ਪੈਦਾ ਕਰਨ ਦੇ ਨਾਲ-ਨਾਲ ਸਥਾਨਕ ਲੋਕਾਂ ਲਈ ਆਮਦਨ ਪੈਦਾ ਕਰਨ ਵਿੱਚ ਮਦਦ ਕਰੇਗਾ।
ਪ੍ਰੋਜੈਕਟ ਸਟ੍ਰੈਚਾਂ ਲਈ ਉਸਾਰੀ ਦੀ ਅਵਧੀ 2 ਸਾਲ ਹੋਵੇਗੀ ਜਿਸ ਵਿੱਚ ਉਸਾਰੀ ਦੇ ਮੁਕੰਮਲ ਹੋਣ ਤੋਂ ਬਾਅਦ 5 ਸਾਲ (ਫਲੈਕਸੀਬਲ ਫੁੱਟਪਾਥ ਦੇ ਮਾਮਲੇ ਵਿੱਚ) / 10 ਸਾਲ (ਰਿਜਿਡ ਫੁੱਟਪਾਥ ਦੇ ਮਾਮਲੇ ਵਿੱਚ) ਲਈ ਇਨ੍ਹਾਂ ਰਾਸ਼ਟਰੀ ਰਾਜਮਾਰਗਾਂ ਦਾ ਰੱਖ-ਰਖਾਅ ਸ਼ਾਮਲ ਹੈ।