ਪ੍ਰਧਾਨ ਮੰਤਰੀ ਦੁਆਰਾ 7 ਜੂਨ, 2021 ਨੂੰ ਕੀਤੇ ਗਏ ਲੋਕ–ਪੱਖੀ ਐਲਾਨ ਅਨੁਸਾਰ ਅਤੇ ਕੋਵਿਡ–19 ਪ੍ਰਤੀ ਆਰਥਿਕ ਹੁੰਗਾਰੇ ਦੇ ਹਿੱਸੇ ਵਜੋਂ ਕੇਂਦਰੀ ਕੈਬਨਿਟ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ (PMGKAY – ਫ਼ੇਜ਼ V) ਰਾਹੀਂ ਉਨ੍ਹਾਂ ਸਾਰੇ ਲਾਭਾਰਥੀਆਂ ਨੂੰ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਦੇ ਹਿਸਾਬ ਨਾਲ ਅਨਾਜ ਮੁਫ਼ਤ ਦੇਣ ਨੂੰ ਚਾਰ ਹੋਰ ਮਹੀਨਿਆਂ ਭਾਵ ਦਸੰਬਰ 2021 ਤੋਂ ਮਾਰਚ 2022 ਤੱਕ ਲਈ ਪ੍ਰਵਾਨਗੀ ਦੇ ਦਿੱਤੀ ਹੈ, ਜੋ ‘ਨੈਸ਼ਨਲ ਫੂਡ ਸਕਿਉਰਿਟੀ ਐਕਟ’ (ਐੱਨਐੱਫਐੱਸਏ – NFSA) (ਅੰਤਯੋਦਯ ਅੰਨ ਯੋਜਨਾਂ ਤੇ ਤਰਜੀਹੀ ਪਰਿਵਾਰ) ਦੇ ਤਹਿਤ ਆਉਂਦੇ ਹਨ ਅਤੇ ਜੋ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ (DBT) ਦੇ ਤਹਿਤ ਕਵਰ ਹੁੰਦੇ ਹਨ।
ਇਸ ਸਕੀਮ ਦਾ ਫ਼ੇਜ਼-1 ਅਤੇ ਫ਼ੇਜ਼-2 ਕ੍ਰਮਵਾਰ ਅਪ੍ਰੈਲ ਤੋਂ ਜੂਨ, 2020 ਅਤੇ ਜੁਲਾਈ ਤੋਂ ਨਵੰਬਰ, 2020 ਤੱਕ ਕਾਰਜਸ਼ੀਲ ਸੀ। ਸਕੀਮ ਦਾ ਫ਼ੇਜ਼-III ਮਈ ਤੋਂ ਜੂਨ, 2021 ਤੱਕ ਚਲਿਆ ਸੀ। ਸਕੀਮ ਦਾ ਪੜਾਅ-IV ਇਸ ਵੇਲੇ ਜੁਲਾਈ-ਨਵੰਬਰ, 2021 ਮਹੀਨਿਆਂ ਲਈ ਕਾਰਜਸ਼ੀਲ ਹੈ।
ਦਸੰਬਰ 2021 ਤੋਂ ਮਾਰਚ, 2022 ਤੱਕ ਫ਼ੇਜ਼ ਭਾਵ ਫ਼ੇਜ਼ V ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਸਕੀਮ ਵਿੱਚ 53344.52 ਕਰੋੜ ਰੁਪਏ ਦੀ ਅਨੁਮਾਨਿਤ ਵਾਧੂ ਅਨਾਜ ਸਬਸਿਡੀ ਸ਼ਾਮਲ ਹੋਵੇਗੀ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਫ਼ੇਜ਼ V ਲਈ ਲਗਭਗ ਕੁੱਲ 163 ਲੱਖ ਮੀਟ੍ਰਿਕ ਟਨ ਅਨਾਜ ਦਿੱਤੇ ਜਾਣ ਦੀ ਸੰਭਾਵਨਾ ਹੈ।
ਗੌਰਤਲਬ ਹੈ ਕਿ ਪਿਛਲੇ ਸਾਲ ਦੇਸ਼ ਵਿੱਚ ਕੋਵਿਡ-19 ਦੇ ਬੇਮਿਸਾਲ ਕਹਿਰ ਕਾਰਣ ਪੈਦਾ ਹੋਏ ਆਰਥਿਕ ਵਿਘਨ ਦੇ ਮੱਦੇਨਜ਼ਰ, ਸਰਕਾਰ ਨੇ ਮਾਰਚ 2020 ਵਿੱਚ ਵਾਧੂ ਮੁਫ਼ਤ ਅਨਾਜ (ਚਾਵਲ/ਕਣਕ) ਦੀ ਵੰਡ ਕਰਨ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (PMGKAY) ਅਧੀਨ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦੇ ਹਿਸਾਬ ਨਾਲ 80 ਕਰੋੜ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ-NFSA) ਲਾਭਾਰਥੀਆਂ ਨੂੰ ਨਿਯਮਿਤ ਐੱਨਐੱਫਐੱਸਏ ਦੇ ਤਹਿਤ ਹਰ ਮਹੀਨੇ ਦਿੱਤੇ ਜਾਣ ਵਾਲੇ ਅਨਾਜ ਦੇ ਰੂਪ ਵਿੱਚ ਦੇਣ ਦਾ ਐਲਾਨ ਕੀਤਾ ਸੀ ਭਾਵ ਉਨ੍ਹਾਂ ਦੇ ਰਾਸ਼ਨ ਕਾਰਡਾਂ ਦੇ ਨਿਯਮਿਤ ਹੱਕ, ਤਾਂ ਜੋ ਗ਼ਰੀਬ, ਲੋੜਵੰਦ ਅਤੇ ਕਮਜ਼ੋਰ ਪਰਿਵਾਰਾਂ/ ਲਾਭਾਰਥੀਆਂ ਨੂੰ ਆਰਥਿਕ ਸੰਕਟ ਦੇ ਸਮੇਂ ਦੌਰਾਨ ਲੋੜੀਂਦੇ ਅਨਾਜ ਦੀ ਅਣਉਪਲਬਧਤਾ ਕਾਰਨ ਕੋਈ ਨੁਕਸਾਨ ਨਾ ਹੋਵੇ। ਹੁਣ ਤੱਕ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੜਾਅ I ਤੋਂ IV) ਦੇ ਤਹਿਤ ਵਿਭਾਗ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਭਗ ਭੋਜਨ ਸਬਸਿਡੀ ਦੇ ਰੂਪ ਵਿੱਚ 2.07 ਲੱਖ ਕਰੋੜ ਰੁਪਏ ਦੇ ਬਰਾਬਰ ਕੁੱਲ 600 ਲੱਖ ਮੀਟ੍ਰਿਕ ਟਨ ਅਨਾਜ ਅਲਾਟ ਕੀਤਾ ਹੈ।
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ-IV ਦੇ ਤਹਿਤ ਵੰਡ ਇਸ ਵੇਲੇ ਜਾਰੀ ਹੈ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹੁਣ ਤੱਕ ਉਪਲਬਧ ਰਿਪੋਰਟਾਂ ਅਨੁਸਾਰ, 93.8% ਅਨਾਜ ਚੁੱਕਿਆ ਗਿਆ ਹੈ ਅਤੇ ਲਗਭਗ 37.32 ਲੱਖ ਮੀਟ੍ਰਿਕ ਟਨ (ਜੁਲਾਈ, 21 ਦਾ 93.9%), 37.20 ਲੱਖ ਮੀਟ੍ਰਿਕ ਟਨ (ਅਗਸਤ, 21 ਦਾ 93.6%), 36.87 ਲੱਖ ਮੀਟ੍ਰਿਕ ਟਨ (92.8% ਸਤੰਬਰ 21), 35.4 ਲੱਖ ਮੀਟ੍ਰਿਕ ਟਨ (89% ਅਕਤੂਬਰ 21) ਅਤੇ 17.9 ਲੱਖ ਮੀਟ੍ਰਿਕ ਟਨ (ਨਵੰਬਰ 21 ਦਾ 45%) ਅਨਾਜ ਕ੍ਰਮਵਾਰ ਲਗਭਗ 74.64 ਕਰੋੜ, 74.4 ਕਰੋੜ, 73.75 ਕਰੋੜ, 70.8 ਕਰੋੜ ਅਤੇ 35.8 ਕਰੋੜ ਲਾਭਾਰਥੀਆਂ ਨੂੰ ਵੰਡਿਆ ਗਿਆ ਹੈ।
ਪਹਿਲੇ ਪੜਾਵਾਂ ਦੇ ਤਜਰਬੇ ਨੂੰ ਵੇਖਦਿਆਂ, ਪੀਐੱਮਜੀਕੇਏਵਾਈ-ਵੀ ਦੀ ਕਾਰਗੁਜ਼ਾਰੀ ਵੀ ਉਸੇ ਉੱਚ ਪੱਧਰ 'ਤੇ ਹੋਣ ਦੀ ਉਮੀਦ ਹੈ ਜੋ ਪਹਿਲਾਂ ਹਾਸਲ ਕੀਤੀ ਗਈ ਸੀ।
ਕੁੱਲ ਮਿਲਾ ਕੇ, ਸਰਕਾਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਫ਼ੇਜ਼ I ਤੋਂ V ਵਿੱਚ ਲਗਭਗ 2.60 ਲੱਖ ਕਰੋੜ ਰੁਪਏ ਖਰਚ ਕਰੇਗੀ।