25 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਮੈਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਦੇ ਦੇਹਾਂਤ ਦੀ ਖ਼ਬਰ ਮਿਲੀ ਤਾਂ ਮੈਂ ਅਥਾਹ ਉਦਾਸੀ ਨਾਲ ਭਰ ਗਿਆ। ਉਨ੍ਹਾਂ ਦੇ ਦੇਹਾਂਤ ਨਾਲ, ਮੈਂ ਇੱਕ ਪਿਤਾ ਸਮਾਨ ਸ਼ਖਸੀਅਤ ਨੂੰ ਗੁਆ ਦਿੱਤਾ ਹੈ, ਜਿਨ੍ਹਾਂ ਨੇ ਦਹਾਕਿਆਂ ਤੱਕ ਮੇਰਾ ਮਾਰਗਦਰਸ਼ਨ ਕੀਤਾ। ਇੱਕ ਤੋਂ ਵੱਧ ਢੰਗਾਂ ਨਾਲ, ਉਨ੍ਹਾਂ ਭਾਰਤ ਅਤੇ ਪੰਜਾਬ ਦੀ ਰਾਜਨੀਤੀ ਨੂੰ ਆਕਾਰ ਦਿੱਤਾ, ਜਿਸ ਨੂੰ ਬੇਮਿਸਾਲ ਆਖਿਆ ਜਾ ਸਕਦਾ ਹੈ।

ਬਾਦਲ ਸਾਹਿਬ ਇੱਕ ਵੱਡੇ ਨੇਤਾ ਸਨ, ਇਸ ਗੱਲ ਨੂੰ ਆਮ ਤੌਰ 'ਤੇ ਮੰਨਿਆ ਜਾਂਦਾ ਹੈ। ਪਰ, ਸਭ ਤੋਂ ਵੱਡੀ ਗੱਲ, ਉਹ ਇੱਕ ਵੱਡੇ ਦਿਲ ਵਾਲੇ ਇਨਸਾਨ ਸਨ। ਵੱਡਾ ਨੇਤਾ ਬਣਨਾ ਸੌਖਾ ਹੈ ਪਰ ਵੱਡੇ ਦਿਲ ਵਾਲੇ ਹੋਣ ਲਈ ਹੋਰ ਵੀ ਬਹੁਤ ਕੁਝ ਕਰਨਾ ਪੈਂਦਾ ਹੈ। ਪੰਜਾਬ ਭਰ ਦੇ ਲੋਕ ਕਹਿੰਦੇ ਹਨ - ਬਾਦਲ ਸਾਹਿਬ ਦੀ ਗੱਲ ਤਾਂ ਵੱਖਰੀ ਸੀ! ('ਬਾਦਲ ਸਾਹਿਬ ਕੀ ਬਾਤ ਅਲਗ ਥੀ')

ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਸਾਹਿਬ ਸਾਡੇ ਸਮਿਆਂ ਦੇ ਸਭ ਤੋਂ ਕੱਦਾਵਰ ਕਿਸਾਨ ਨੇਤਾਵਾਂ ਵਿੱਚ ਸ਼ੁਮਾਰ ਹਨ। ਖੇਤੀਬਾੜੀ ਉਨ੍ਹਾਂ ਦਾ ਅਸਲ ਸ਼ੌਕ ਸੀ। ਜਦੋਂ ਵੀ ਉਹ ਕਿਸੇ ਵੀ ਮੌਕੇ 'ਤੇ ਬੋਲਦੇ ਸਨ ਤਾਂ ਉਨ੍ਹਾਂ ਦੇ ਭਾਸ਼ਣ ਤੱਥਾਂ, ਤਾਜ਼ਾ ਜਾਣਕਾਰੀ ਅਤੇ ਬਹੁਤ ਸਾਰੀ ਨਿੱਜੀ ਸੂਝ-ਬੂਝ ਨਾਲ ਭਰਪੂਰ ਹੁੰਦੇ ਸਨ।

1990 ਦੇ ਦਹਾਕੇ ਵਿੱਚ ਜਦੋਂ ਮੈਂ ਉੱਤਰੀ ਭਾਰਤ ਵਿੱਚ ਪਾਰਟੀ ਦੇ ਕੰਮ ਵਿੱਚ ਜੁਟਿਆ ਸੀ ਤਾਂ ਮੇਰੀ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਹੋਈ। ਬਾਦਲ ਸਾਹਿਬ ਦੀ ਸਾਖ ਉਨ੍ਹਾਂ ਤੋਂ ਪਹਿਲਾਂ ਸੀ - ਉਹ ਇੱਕ ਸਿਆਸੀ ਦਿੱਗਜ ਸਨ, ਜੋ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ, ਇੱਕ ਕੇਂਦਰੀ ਕੈਬਨਿਟ ਮੰਤਰੀ ਅਤੇ ਦੁਨੀਆ ਭਰ ਦੇ ਕਰੋੜਾਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਵਿਅਕਤੀ ਸਨ। ਦੂਜੇ ਪਾਸੇ, ਮੈਂ ਇੱਕ ਆਮ ਕਾਰਜਕਰਤਾ ਸੀ। ਫਿਰ ਵੀ, ਆਪਣੇ ਸੁਭਾਅ ਅਨੁਸਾਰ, ਉਨ੍ਹਾਂ ਕਦੇ ਵੀ ਇਸ ਨੂੰ ਸਾਡੇ ਦਰਮਿਆਨ ਪਾੜਾ ਨਹੀਂ ਬਣਨ ਦਿੱਤਾ। ਉਹ ਨਿੱਘ ਅਤੇ ਦਿਆਲਤਾ ਨਾਲ ਭਰਪੂਰ ਸਨ। ਇਹ ਉਹ ਗੁਣ ਸਨ, ਜੋ ਆਖਰੀ ਸਾਹ ਤੱਕ ਉਨ੍ਹਾਂ ਦੇ ਨਾਲ ਰਹੇ। ਹਰ ਕੋਈ ਜਿਸ ਨੇ ਬਾਦਲ ਸਾਹਿਬ ਨਾਲ ਨੇੜਿਓਂ ਗੱਲਬਾਤ ਕੀਤੀ ਸੀ, ਉਨ੍ਹਾਂ ਦੀ ਸਿਆਣਪ ਅਤੇ ਮਜ਼ਾਕੀਆ ਸੁਭਾਅ ਨੂੰ ਯਾਦ ਕਰੇਗਾ।

1990 ਦੇ ਦਹਾਕੇ ਦੇ ਅੱਧ ਅਤੇ ਅੰਤ ਵਿੱਚ ਪੰਜਾਬ ਵਿੱਚ ਸਿਆਸੀ ਮਾਹੌਲ ਬਹੁਤ ਵੱਖਰਾ ਸੀ। 1997 ਵਿੱਚ ਸੂਬੇ ਵਿੱਚ ਬਹੁਤ ਗੜਬੜ ਹੋਈ ਅਤੇ ਚੋਣਾਂ ਹੋਣੀਆਂ ਸਨ। ਸਾਡੀਆਂ ਪਾਰਟੀਆਂ ਇਕੱਠੀਆਂ ਹੋ ਕੇ ਲੋਕਾਂ ਵਿੱਚ ਗਈਆਂ ਅਤੇ ਬਾਦਲ ਸਾਹਿਬ ਸਾਡੇ ਨੇਤਾ ਸਨ। ਉਨ੍ਹਾਂ ਭਰੋਸੇਯੋਗਤਾ ਇੱਕ ਮੁੱਖ ਕਾਰਨ ਸੀ ਕਿ ਲੋਕਾਂ ਨੇ ਸਾਨੂੰ ਸ਼ਾਨਦਾਰ ਜਿੱਤ ਨਾਲ ਨਿਵਾਜਿਆ । ਇੰਨਾ ਹੀ ਨਹੀਂ, ਸਾਡੇ ਗਠਜੋੜ ਨੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਅਤੇ ਸ਼ਹਿਰ ਦੀ ਲੋਕ ਸਭਾ ਸੀਟ ਵੀ ਸਫ਼ਲਤਾਪੂਰਵਕ ਜਿੱਤੀ। ਉਨ੍ਹਾਂ ਦੀ ਸ਼ਖ਼ਸੀਅਤ ਅਜਿਹੀ ਸੀ ਕਿ ਸਾਡਾ ਗਠਜੋੜ 1997 ਤੋਂ 2017 ਤੱਕ 15 ਸਾਲ ਸੂਬੇ ਦੀ ਸੇਵਾ ਕਰਦਾ ਰਿਹਾ!

ਇੱਕ ਕਿੱਸਾ ਹੈ, ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਅਸੀਂ ਇਕੱਠੇ ਅੰਮ੍ਰਿਤਸਰ ਜਾਵਾਂਗੇ, ਜਿੱਥੇ ਅਸੀਂ ਰਾਤ ਰੁਕਾਂਗੇ ਅਤੇ ਅਗਲੇ ਦਿਨ ਅਰਦਾਸ ਕਰਾਂਗੇ ਅਤੇ ਲੰਗਰ ਛਕਾਂਗੇ। ਮੈਂ ਇੱਕ ਗੈਸਟ ਹਾਊਸ ਵਿੱਚ ਆਪਣੇ ਕਮਰੇ ਵਿੱਚ ਸੀ, ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਮੇਰੇ ਕਮਰੇ ਵਿੱਚ ਆਏ ਅਤੇ ਮੇਰਾ ਸਾਮਾਨ ਚੁੱਕਣ ਲਗੇ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ, ਤਦ ਉਨ੍ਹਾਂ ਮੈਨੂੰ ਕਿਹਾ ਕਿ ਮੈਨੂੰ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਦੇ ਕਮਰੇ ਵਿੱਚ ਆਉਣਾ ਪਵੇਗਾ ਅਤੇ ਉੱਥੇ ਹੀ ਰਹਿਣਾ ਪਵੇਗਾ। ਮੈਂ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ, ਪਰ ਉਨ੍ਹਾਂ ਨੇ ਜ਼ੋਰ ਪਾਇਆ। ਆਖ਼ਰਕਾਰ ਅਜਿਹਾ ਹੀ ਹੋਇਆ ਅਤੇ ਬਾਦਲ ਸਾਹਿਬ ਦੂਜੇ ਕਮਰੇ ਵਿੱਚ ਠਹਿਰੇ। ਮੇਰੇ ਵਰਗੇ ਇੱਕ ਬਹੁਤ ਹੀ ਸਾਧਾਰਣ ਕਾਰਯਕਰਤਾ ਪ੍ਰਤੀ ਉਨ੍ਹਾਂ ਇਸ ਰਵੱਈਏ ਦੀ ਮੈਂ ਹਮੇਸ਼ਾ ਕਦਰ ਕਰਾਂਗਾ।

ਬਾਦਲ ਸਾਹਬ ਦੀਆਂ ਗਊਸ਼ਾਲਾਵਾਂ ਵਿੱਚ ਵਿਸ਼ੇਸ਼ ਰੁਚੀ ਸੀ ਅਤੇ ਉਨ੍ਹਾਂ ਨੇ ਵਿਭਿੰਨ ਕਿਸਮਾਂ ਦੀਆਂ ਗਊਆਂ ਰੱਖੀਆਂ। ਸਾਡੀ ਇੱਕ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਗਿਰ ਦੀਆਂ ਗਊਆਂ ਪਾਲਣ ਦੀ ਇੱਛਾ ਸੀ। ਮੈਂ ਉਨ੍ਹਾਂ ਲਈ 5 ਗਊਆਂ ਦਾ ਪ੍ਰਬੰਧ ਕੀਤਾ ਅਤੇ ਉਸ ਤੋਂ ਬਾਅਦ, ਜਦੋਂ ਅਸੀਂ ਮਿਲਦੇ, ਤਾਂ ਉਹ ਮੇਰੇ ਨਾਲ ਗਊਆਂ ਬਾਰੇ ਗੱਲ ਕਰਦੇ ਅਤੇ ਮਜ਼ਾਕ ਵੀ ਕਰਦੇ ਕਿ ਇਹ ਗਊਆਂ ਹਰ ਤਰ੍ਹਾਂ ਨਾਲ ਗੁਜਰਾਤੀ ਹਨ- ਜਦੋਂ ਕਦੇ ਬੱਚੇ ਆਸ-ਪਾਸ ਖੇਡ ਰਹੇ ਹੁੰਦੇ ਹਨ ਉਹ ਕਦੇ ਵੀ ਗੁੱਸੇ, ਉਤੇਜਿਤ ਨਹੀਂ ਹੁੰਦੀਆਂ ਜਾਂ ਕਿਸੇ 'ਤੇ ਹਮਲਾ ਨਹੀਂ ਕਰਦੀਆਂ। ਉਹ ਇਹ ਵੀ ਟਿੱਪਣੀ ਕਰਦੇ ਸਨ ਕਿ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਗੁਜਰਾਤੀ ਇੰਨੇ ਕੋਮਲ ਹਨ ... ਆਖਰਕਾਰ ਉਹ ਗਿਰ ਦੀਆਂ ਗਊਆਂ ਦਾ ਦੁੱਧ ਪੀਂਦੇ ਹਨ।

2001 ਤੋਂ ਬਾਅਦ, ਮੈਂ ਬਾਦਲ ਸਾਹਬ ਨਾਲ ਇੱਕ ਵੱਖਰੀ ਹੈਸੀਅਤ ਵਿੱਚ ਗੱਲਬਾਤ ਕਰਨ ਲਈ ਮਿਲਿਆ - ਅਸੀਂ ਹੁਣ ਆਪਣੇ-ਆਪਣੇ ਰਾਜਾਂ ਦੇ ਮੁੱਖ ਮੰਤਰੀ ਸਾਂ।

ਮੈਨੂੰ ਅਨੇਕ ਮੁੱਦਿਆਂ, ਖਾਸ ਤੌਰ 'ਤੇ ਪਾਣੀ ਦੀ ਸੰਭਾਲ਼, ਪਸ਼ੂ ਪਾਲਣ ਅਤੇ ਡੇਅਰੀ ਸਮੇਤ ਖੇਤੀਬਾੜੀ ਨਾਲ ਸਬੰਧਿਤ ਮੁੱਦਿਆਂ 'ਤੇ ਬਾਦਲ ਸਾਹਬ ਦਾ ਮਾਰਗਦਰਸ਼ਨ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ। ਉਹ ਅਜਿਹੇ ਵਿਅਕਤੀ ਵੀ ਸਨ ਜੋ ਭਾਰਤੀ ਡਾਇਸਪੋਰਾ ਦੀ ਸਮਰੱਥਾ ਨੂੰ ਵਰਤਣ ਵਿੱਚ ਵਿਸ਼ਵਾਸ ਰੱਖਦੇ ਸੀ, ਇਹ ਸਮਝਦੇ ਹੋਏ ਕਿ ਵਿਦੇਸ਼ਾਂ ਵਿੱਚ ਬਹੁਤ ਸਾਰੇ ਮਿਹਨਤੀ ਪੰਜਾਬੀ ਵਸੇ ਹੋਏ ਹਨ।

ਇੱਕ ਵਾਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਸਮਝਣਾ ਚਾਹੁੰਦੇ ਹਨ ਕਿ ਅਲੰਗ ਸ਼ਿਪਯਾਰਡ ਕੀ ਹੈ। ਫਿਰ ਉਹ ਉੱਥੇ ਆਏ ਅਤੇ ਸਾਰਾ ਦਿਨ ਅਲੰਗ ਸ਼ਿਪਯਾਰਡ ਵਿੱਚ ਬਿਤਾਇਆ ਅਤੇ ਸਮਝਿਆ ਕਿ ਰੀਸਾਈਕਲਿੰਗ ਕਿਵੇਂ ਕੀਤੀ ਜਾਂਦੀ ਹੈ। ਪੰਜਾਬ ਕੋਈ ਤਟਵਰਤੀ ਸੂਬਾ ਨਹੀਂ ਹੈ, ਇਸ ਲਈ ਇੱਕ ਤਰ੍ਹਾਂ ਨਾਲ ਸ਼ਿਪਯਾਰਡ ਦੀ ਉਨ੍ਹਾਂ ਲਈ ਕੋਈ ਪ੍ਰਤੱਖ ਪ੍ਰਾਸੰਗਿਕਤਾ ਨਹੀਂ ਸੀ ਪਰ ਇਹ ਉਨ੍ਹਾਂ ਦੀ ਨਵੀਂਆਂ ਚੀਜ਼ਾਂ ਸਿੱਖਣ ਦੀ ਇੱਛਾ ਸੀ ਕਿ ਉਨ੍ਹਾਂ ਨੇ ਉੱਥੇ ਦਿਨ ਬਿਤਾਇਆ ਅਤੇ ਸੈਕਟਰ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਸਮਝਿਆ।

2001 ਦੇ ਭੁਚਾਲ ਦੌਰਾਨ ਨੁਕਸਾਨੇ ਗਏ ਕੱਛ ਦੇ ਪਵਿੱਤਰ ਲਖਪਤ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਮੁਰੰਮਤ ਕਰਨ ਅਤੇ ਉਸ ਨੂੰ ਬਹਾਲ ਕਰਨ ਦੇ ਪ੍ਰਯਤਨਾਂ ਲਈ ਮੈਂ ਗੁਜਰਾਤ ਸਰਕਾਰ ਦੀ ਸ਼ਲਾਘਾ ਦੇ ਉਨ੍ਹਾਂ ਦੇ ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖਾਂਗਾ।

2014 ਵਿੱਚ ਕੇਂਦਰ ਵਿੱਚ ਐੱਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਇੱਕ ਵਾਰ ਫਿਰ ਆਪਣੇ ਸਮ੍ਰਿੱਧ ਸਰਕਾਰੀ ਤਜ਼ਰਬੇ ਦੇ ਅਧਾਰ ‘ਤੇ ਕੀਮਤੀ ਸਮਝ ਪ੍ਰਦਾਨ ਕੀਤੀ। ਉਨ੍ਹਾਂ ਨੇ ਇਤਿਹਾਸਿਕ ਜੀਐੱਸਟੀ ਸਮੇਤ ਕਈ ਸੁਧਾਰਾਂ ਦਾ ਜ਼ੋਰਦਾਰ ਸਮਰਥਨ ਕੀਤਾ।

ਮੈਂ ਸਾਡੀ ਗੱਲਬਾਤ ਦੇ ਕੁਝ ਪਹਿਲੂਆਂ ਨੂੰ ਹੀ ਉਜਾਗਰ ਕੀਤਾ ਹੈ। ਆਮ ਤੌਰ 'ਤੇ, ਆਪਣੇ ਦੇਸ਼ ਲਈ ਉਨ੍ਹਾਂ ਦਾ ਯੋਗਦਾਨ ਅਟੱਲ ਹੈ। ਉਹ ਐਮਰਜੈਂਸੀ ਦੇ ਕਾਲੇ ਦਿਨਾਂ ਵਿੱਚ ਲੋਕਤੰਤਰ ਦੀ ਬਹਾਲੀ ਲਈ ਸਭ ਤੋਂ ਬਹਾਦਰ ਸੈਨਿਕਾਂ ਵਿੱਚੋਂ ਇੱਕ ਸਨ। ਜਦੋਂ ਉਨ੍ਹਾਂ ਦੀਆਂ ਸਰਕਾਰਾਂ ਬਰਖ਼ਾਸਤ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਖ਼ੁਦ ਕਾਂਗਰਸ ਦੇ ਹੰਕਾਰੀ ਸੱਭਿਆਚਾਰ ਦਾ ਸਾਹਮਣਾ ਕੀਤਾ। ਅਤੇ, ਇਨ੍ਹਾਂ ਤਜ਼ਰਬਿਆਂ ਨੇ ਹੀ ਲੋਕਤੰਤਰ ਵਿੱਚ ਉਨ੍ਹਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ।

ਪੰਜਾਬ ਵਿੱਚ 1970 ਅਤੇ 1980 ਦੇ ਦਹਾਕੇ ਦੇ ਅਸ਼ਾਂਤ ਕਾਲ ਦੌਰਾਨ ਬਾਦਲ ਸਾਹਬ ਨੇ ਪੰਜਾਬ ਫਸਟ ਅਤੇ ਇੰਡੀਆ ਫਸਟ ਰੱਖਿਆ। ਉਨ੍ਹਾਂ ਕਿਸੇ ਵੀ ਅਜਿਹੀ ਯੋਜਨਾ ਦਾ ਸਖ਼ਤ ਵਿਰੋਧ ਕੀਤਾ ਜੋ ਭਾਰਤ ਨੂੰ ਕਮਜ਼ੋਰ ਕਰੇ ਜਾਂ ਪੰਜਾਬ ਦੇ ਲੋਕਾਂ ਦੇ ਹਿਤਾਂ ਨਾਲ ਸਮਝੌਤਾ ਕਰੇ, ਭਾਵੇਂ ਇਸ ਦਾ ਮਤਲਬ ਸੱਤਾ ਦਾ ਨੁਕਸਾਨ ਹੀ ਕਿਉਂ ਨਾ ਹੋਵੇ।

ਉਹ ਮਹਾਨ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਪੂਰਾ ਕਰਨ ਲਈ ਗਹਿਰੇ ਪ੍ਰਤੀਬੱਧ ਵਿਅਕਤੀ ਸਨ। ਉਨ੍ਹਾਂ ਨੇ ਸਿੱਖ ਵਿਰਸੇ ਦੀ ਸੰਭਾਲ਼ ਕਰਨ ਅਤੇ ਮਨਾਉਣ ਲਈ ਵੀ ਜ਼ਿਕਰਯੋਗ ਉਪਰਾਲੇ ਕੀਤੇ। 1984 ਦੇ ਦੰਗਾ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਕੌਣ ਭੁੱਲ ਸਕਦਾ ਹੈ?

ਬਾਦਲ ਸਾਹਬ ਲੋਕਾਂ ਨੂੰ ਇਕੱਠੇ ਕਰਨ ਵਾਲੇ ਵਿਅਕਤੀ ਸਨ। ਉਹ ਹਰ ਵਿਚਾਰਧਾਰਾ ਦੇ ਆਗੂਆਂ ਨਾਲ ਕੰਮ ਕਰ ਸਕਦੇ ਸੀ। ਬਾਦਲ ਸਾਹਬ ਨੇ ਕਦੇ ਵੀ ਸਿਆਸੀ ਫਾਇਦਿਆਂ ਅਤੇ ਨੁਕਸਾਨਾਂ ਨਾਲ ਕੋਈ ਸਬੰਧ ਨਹੀਂ ਜੋੜਿਆ। ਇਹ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਸੀ।

ਬਾਦਲ ਸਾਹਬ ਦੇ ਦੇਹਾਂਤ ਨਾਲ ਪਏ ਖਲਾਅ ਨੂੰ ਭਰਨਾ ਔਖਾ ਹੋ ਜਾਵੇਗਾ। ਇੱਥੇ ਇੱਕ ਰਾਜਨੇਤਾ ਸਨ ਜਿਨ੍ਹਾਂ ਦੀ ਜ਼ਿੰਦਗੀ ਨੇ ਬਹੁਤ ਸਾਰੀਆਂ ਚੁਣੌਤੀਆਂ ਦੇਖੀਆਂ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਪਾਰ ਕੀਤਾ ਅਤੇ ਫੀਨਿਕਸ ਵਾਂਗ ਉੱਠੇ। ਉਨ੍ਹਾਂ ਦੀ ਕਮੀ ਜ਼ਰੂਰ ਰਹੇਗੀ ਪਰ ਉਹ ਸਾਡੇ ਦਿਲਾਂ ਵਿਚ ਜਿਉਂਦੇ ਰਹਿਣਗੇ ਅਤੇ ਉਹ ਦਹਾਕਿਆਂ ਦੌਰਾਨ ਕੀਤੇ ਗਏ ਸ਼ਾਨਦਾਰ ਕੰਮ ਦੁਆਰਾ ਵੀ ਜਿਉਂਦੇ ਰਹਿਣਗੇ।

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Visited ‘Mini India’: A Look Back At His 1998 Mauritius Visit

Media Coverage

When PM Modi Visited ‘Mini India’: A Look Back At His 1998 Mauritius Visit
NM on the go

Nm on the go

Always be the first to hear from the PM. Get the App Now!
...
ਏਕਤਾ ਦਾ ਮਹਾਕੁੰਭ, ਯੁੱਗ ਪਰਿਵਰਤਨ ਦੀ ਧੁਨ
February 27, 2025

ਮਹਾਕੁੰਭ ਸੰਪੰਨ ਹੋਇਆ... ਏਕਤਾ ਦਾ ਮਹਾਨ ਯੱਗ ਸੰਪੰਨ ਹੋਇਆ। ਜਦੋਂ ਕਿਸੇ ਰਾਸ਼ਟਰ ਦੀ ਚੇਤਨਾ ਜਾਗਦੀ ਹੈ, ਜਦੋਂ ਉਹ ਸਦੀਆਂ ਦੀ ਗੁਲਾਮੀ ਦੀ ਮਾਨਸਿਕਤਾ ਦੀਆਂ ਸਾਰੀਆਂ ਬੇੜੀਆਂ ਤੋੜ ਦਿੰਦੀ ਹੈ ਅਤੇ ਨਵੀਂ ਚੇਤਨਾ ਨਾਲ ਹਵਾ ਵਿੱਚ ਸਾਹ ਲੈਣ ਲਗਦੀ ਹੈ, ਤਾਂ ਇੱਕ ਅਜਿਹਾ ਹੀ ਦ੍ਰਿਸ਼ ਦਿਖਾਈ ਦਿੰਦਾ ਹੈ, ਜਿਵੇਂ ਕਿ ਅਸੀਂ 13 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਵਿੱਚ ਦੇਖਿਆ ਸੀ।

22 ਜਨਵਰੀ, 2024 ਨੂੰ ਅਯੋਧਿਆ ਵਿੱਚ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ, ਮੈਂ ਦੇਵ ਭਗਤੀ ਤੋਂ ਦੇਸ਼ ਭਗਤੀ ਬਾਰੇ ਗੱਲ ਕੀਤੀ ਸੀ। ਪ੍ਰਯਾਗਰਾਜ ਵਿੱਚ ਮਹਾਕੁੰਭ ਦੌਰਾਨ, ਸਾਰੇ ਦੇਵੀ-ਦੇਵਤੇ ਜੁਟੇ, ਸੰਤ ਅਤੇ ਮਹਾਤਮਾ ਜੁਟੇ, ਬੱਚੇ ਅਤੇ ਬਜ਼ੁਰਗ ਜੁਟੇ, ਮਹਿਲਾਵਾਂ ਅਤੇ ਨੌਜਵਾਨ ਜੁਟੇ ਅਤੇ ਅਸੀਂ ਦੇਸ਼ ਦੀ ਜਾਗਦੀ ਚੇਤਨਾ ਨੂੰ ਪ੍ਰਤੱਖ ਦੇਖਿਆ। ਇਹ ਮਹਾਕੁੰਭ ਏਕਤਾ ਦਾ ਮਹਾਕੁੰਭ ਸੀ, ਜਿੱਥੇ 140 ਕਰੋੜ ਦੇਸ਼ ਵਾਸੀਆਂ ਦੀ ਆਸਥਾ ਇੱਕ ਸਮੇਂ ਵਿੱਚ ਇਸ ਪਰਵ ਨਾਲ ਆ ਕੇ ਜੁੜੀ ਸੀ।

ਤੀਰਥਰਾਜ ਪ੍ਰਯਾਗ ਦੇ ਇਸੇ ਖੇਤਰ ਵਿੱਚ, ਏਕਤਾ, ਸਦਭਾਵਨਾ ਅਤੇ ਪਿਆਰ ਦਾ ਇੱਕ ਪਵਿੱਤਰ ਖੇਤਰ, ਸ਼੍ਰੀਂਗਵੇਰਪੁਰ ਵੀ ਹੈ, ਜਿੱਥੇ ਭਗਵਾਨ ਸ਼੍ਰੀ ਰਾਮ ਅਤੇ ਨਿਸ਼ਾਦਰਾਜ ਦੀ ਮਿਲਣੀ ਹੋਈ ਸੀ। ਉਨ੍ਹਾਂ ਦੀ ਮੁਲਾਕਾਤ ਦੀ ਉਹ ਘਟਨਾ ਵੀ ਸਾਡੇ ਇਤਿਹਾਸ ਵਿੱਚ ਸ਼ਰਧਾ ਅਤੇ ਸਦਭਾਵਨਾ ਦੇ ਸੰਗਮ ਵਰਗੀ ਹੈ। ਪ੍ਰਯਾਗਰਾਜ ਦਾ ਇਹ ਤੀਰਥ ਸਥਾਨ ਅੱਜ ਵੀ ਸਾਨੂੰ ਏਕਤਾ ਅਤੇ ਸਦਭਾਵਨਾ ਦੀ ਪ੍ਰੇਰਣਾ ਦਿੰਦਾ ਹੈ।

ਪਿਛਲੇ 45 ਦਿਨਾਂ ਤੋਂ, ਹਰ ਰੋਜ਼, ਮੈਂ ਦੇਖਿਆ ਹੈ ਕਿ ਕਿਵੇਂ ਦੇਸ਼ ਦੇ ਹਰ ਕੋਨੇ ਤੋਂ ਲੱਖਾਂ ਲੋਕ ਸੰਗਮ ਤੱਟਾਂ ਵੱਲ ਵਧ ਰਹੇ ਹਨ। ਸੰਗਮ ਵਿੱਚ ਇਸ਼ਨਾਨ ਕਰਨ ਦੀ ਭਾਵਨਾ ਦੀ ਲਹਿਰ ਲਗਾਤਾਰ ਵਧ ਰਹੀ ਹੈ। ਹਰ ਸ਼ਰਧਾਲੂ ਸਿਰਫ਼ ਇੱਕ ਹੀ ਕੰਮ ਵਿੱਚ ਰੁੱਝਿਆ ਹੋਇਆ ਸੀ - ਸੰਗਮ ਵਿੱਚ ਇਸ਼ਨਾਨ ਕਰਨ ਵਿੱਚ। ਮਾਂ ਗੰਗਾ, ਯਮੁਨਾ ਅਤੇ ਸਰਸਵਤੀ ਦਾ ਸੰਗਮ ਹਰ ਸ਼ਰਧਾਲੂ ਨੂੰ ਉਤਸ਼ਾਹ, ਊਰਜਾ ਅਤੇ ਵਿਸ਼ਵਾਸ ਨਾਲ ਭਰ ਰਿਹਾ ਸੀ।

ਪ੍ਰਯਾਗਰਾਜ ਵਿੱਚ ਆਯੋਜਿਤ ਇਹ ਮਹਾਕੁੰਭ ਸਮਾਗਮ ਆਧੁਨਿਕ ਯੁੱਗ ਦੇ ਪ੍ਰਬੰਧਨ ਪੇਸ਼ੇਵਰਾਂ, ਯੋਜਨਾਬੰਦੀ ਅਤੇ ਨੀਤੀ ਮਾਹਿਰਾਂ ਲਈ ਅਧਿਐਨ ਦਾ ਇੱਕ ਨਵਾਂ ਵਿਸ਼ਾ ਬਣ ਗਿਆ ਹੈ। ਅੱਜ, ਪੂਰੀ ਦੁਨੀਆ ਵਿੱਚ ਇੰਨੀ ਵੱਡੀ ਘਟਨਾ ਦੀ ਕੋਈ ਤੁਲਨਾ ਨਹੀਂ ਹੈ; ਇਸ ਵਰਗੀ ਕੋਈ ਹੋਰ ਉਦਾਹਰਣ ਨਹੀਂ ਹੈ।

ਸਾਰੀ ਦੁਨੀਆ ਹੈਰਾਨ ਹੈ ਕਿ ਤ੍ਰਿਵੇਣੀ ਸੰਗਮ ਵਿੱਚ ਇੱਕ ਨਦੀ ਦੇ ਕੰਢੇ ਇੰਨੀ ਵੱਡੀ ਗਿਣਤੀ ਵਿੱਚ ਲੋਕ, ਕਰੋੜਾਂ ਦੀ ਗਿਣਤੀ ਵਿੱਚ, ਕਿਵੇਂ ਇਕੱਠੇ ਹੋਏ। ਇਨ੍ਹਾਂ ਕਰੋੜਾਂ ਲੋਕਾਂ ਨੂੰ ਨਾ ਤਾਂ ਕੋਈ ਰਸਮੀ ਸੱਦਾ ਪੱਤਰ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਕਦੋਂ ਆਉਣਾ ਚਾਹੀਦਾ ਹੈ। ਇਸ ਲਈ ਲੋਕ ਮਹਾਕੁੰਭ ਲਈ ਰਵਾਨਾ ਹੋਏ... ਅਤੇ ਪਵਿੱਤਰ ਸੰਗਮ ਵਿੱਚ ਡੁਬਕੀ ਲਗਾ ਕੇ ਸੁਭਾਗ ਪ੍ਰਾਪਤ ਕੀਤਾ।

ਮੈਂ ਉਨ੍ਹਾਂ ਤਸਵੀਰਾਂ ਨੂੰ ਨਹੀਂ ਭੁੱਲ ਸਕਦਾ... ਇਸ਼ਨਾਨ ਤੋਂ ਬਾਅਦ ਬੇਅੰਤ ਆਨੰਦ ਅਤੇ ਸੰਤੋਖ ਨਾਲ ਭਰੇ ਉਨ੍ਹਾਂ ਚਿਹਰਿਆਂ ਨੂੰ ਨਹੀਂ ਭੁੱਲ ਸਕਦਾ। ਮਹਿਲਾਵਾਂ ਹੋਣ, ਬਜ਼ੁਰਗ ਹੋਣ ਜਾਂ ਸਾਡੇ ਦਿਵਯਾਂਗਜਨ ਹੋਣ, ਜਿਸ ਤੋਂ ਜੋ ਬਣਿਆ ਉਹ ਸਾਧਨ ਕਰਕੇ ਸੰਗਮ ਤੱਕ ਪਹੁੰਚਿਆ।

ਅਤੇ ਇਹ ਦੇਖਣਾ ਮੇਰੇ ਲਈ ਸੁਖਦ ਰਿਹਾ ਕਿ ਅੱਜ ਦੇ ਭਾਰਤ ਦੀ ਨੌਜਵਾਨ ਪੀੜ੍ਹੀ ਬਹੁਤ ਵੱਡੀ ਗਿਣਤੀ ਵਿੱਚ ਪ੍ਰਯਾਗਰਾਜ ਪਹੁੰਚੀ। ਇਸ ਮਹਾਕੁੰਭ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਨੌਜਵਾਨਾਂ ਦਾ ਅੱਗੇ ਆਉਣਾ ਇੱਕ ਬਹੁਤ ਵੱਡਾ ਸੰਦੇਸ਼ ਹੈ। ਇਹ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਸਾਡੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਦੀ ਵਾਹਕ ਹੈ ਅਤੇ ਇਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਅਤੇ ਇਸ ਦੇ ਪ੍ਰਤੀ ਦ੍ਰਿੜ ਅਤੇ ਸਮਰਪਿਤ ਵੀ ਹੈ।

ਇਸ ਮਹਾਕੁੰਭ ਲਈ ਪ੍ਰਯਾਗਰਾਜ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਨੇ ਯਕੀਨੀ ਤੌਰ 'ਤੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪਰ ਇਸ ਮਹਾਕੁੰਭ ਵਿੱਚ ਅਸੀਂ ਇਹ ਵੀ ਦੇਖਿਆ ਕਿ ਜੋ ਲੋਕ ਪ੍ਰਯਾਗ ਨਹੀਂ ਪਹੁੰਚ ਸਕੇ, ਉਹ ਵੀ ਇਸ ਸਮਾਗਮ ਨਾਲ ਸ਼ਰਧਾ ਭਾਵਨਾ ਨਾਲ ਜੁੜੇ। ਜਿਨ੍ਹਾਂ ਲੋਕਾਂ ਨੇ ਕੁੰਭ ਤੋਂ ਵਾਪਸ ਆਉਂਦੇ ਸਮੇਂ ਤ੍ਰਿਵੇਣੀ ਤੀਰਥ ਦਾ ਜਲ ਆਪਣੇ ਨਾਲ ਲਿਆ ਸੀ, ਉਸ ਪਾਣੀ ਦੀਆਂ ਕੁਝ ਬੂੰਦਾਂ ਨੇ ਵੀ ਲੱਖਾਂ ਸ਼ਰਧਾਲੂਆਂ ਨੂੰ ਕੁੰਭ ਇਸ਼ਨਾਨ ਦੇ ਬਰਾਬਰ ਪੁੰਨਯ ਦਿੱਤਾ। ਕੁੰਭ ਤੋਂ ਵਾਪਸ ਆਉਣ ਤੋਂ ਬਾਅਦ ਹਰ ਪਿੰਡ ਵਿੱਚ ਜਿਸ ਤਰ੍ਹਾਂ ਇੰਨੇ ਸਾਰੇ ਲੋਕਾਂ ਦਾ ਸਵਾਗਤ ਕੀਤਾ ਗਿਆ, ਜਿਸ ਤਰ੍ਹਾਂ ਪੂਰੇ ਸਮਾਜ ਨੇ ਉਨ੍ਹਾਂ ਪ੍ਰਤੀ ਸਤਿਕਾਰ ਨਾਲ ਆਪਣਾ ਸਿਰ ਝੁਕਾਇਆ, ਉਹ ਅਭੁੱਲਣਯੋਗ ਹੈ।

ਇਹ ਅਜਿਹਾ ਕੁਝ ਹੈ ਜੋ ਪਿਛਲੇ ਕੁਝ ਦਹਾਕਿਆਂ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਇਹ ਉਹ ਚੀਜ਼ ਹੈ ਜਿਸ ਨੇ ਆਉਣ ਵਾਲੀਆਂ ਕਈ ਸਦੀਆਂ ਲਈ ਨੀਂਹ ਰੱਖੀ ਹੈ।

ਪ੍ਰਯਾਗਰਾਜ ਵਿੱਚ, ਕਲਪਨਾ ਤੋਂ ਕਿਤੇ ਜ਼ਿਆਦਾ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਇਸ ਦਾ ਇੱਕ ਕਾਰਨ ਇਹ ਸੀ ਕਿ ਪ੍ਰਸ਼ਾਸਨ ਨੇ ਇਹ ਅਨੁਮਾਨ ਵੀ ਪਿਛਲੇ ਕੁੰਭ ਦੇ ਤਜ਼ਰਬਿਆਂ ਦੇ ਅਧਾਰ 'ਤੇ ਲਗਾਇਆ ਸੀ। ਪਰ ਅਮਰੀਕਾ ਦੀ ਲਗਭਗ ਦੁੱਗਣੀ ਆਬਾਦੀ ਨੇ ਏਕਤਾ ਦੇ ਇਸ ਮਹਾਨ ਕੁੰਭ ਵਿੱਚ ਹਿੱਸਾ ਲਿਆ ਅਤੇ ਡੁਬਕੀ ਲਗਾਈ।

ਅਧਿਆਤਮਿਕ ਖੇਤਰ ਵਿੱਚ ਖੋਜ ਕਰਨ ਵਾਲੇ ਲੋਕ ਕਰੋੜਾਂ ਭਾਰਤੀਆਂ ਦੇ ਇਸ ਉਤਸ਼ਾਹ ਦਾ ਅਧਿਐਨ ਕਰਨ, ਤਾਂ ਉਹ ਦੇਖਣਗੇ ਕਿ ਆਪਣੀ ਵਿਰਾਸਤ 'ਤੇ ਮਾਣ ਕਰਨ ਵਾਲਾ ਭਾਰਤ ਹੁਣ ਇੱਕ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਮੇਰਾ ਮੰਨਣਾ ਹੈ ਕਿ ਇਹ ਉਸ ਯੁੱਗ ਵਿੱਚ ਬਦਲਾਅ ਦੀ ਧੁਨ ਹੈ, ਜੋ ਭਾਰਤ ਲਈ ਇੱਕ ਨਵਾਂ ਭਵਿੱਖ ਲਿਖਣ ਜਾ ਰਹੀ ਹੈ।

ਮਹਾਕੁੰਭ ਦੀ ਇਹ ਪਰੰਪਰਾ ਨਾਲ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਰਾਸ਼ਟਰੀ ਚੇਤਨਾ ਨੂੰ ਮਜ਼ਬੂਤੀ ਮਿਲ ਰਹੀ ਹੈ। ਹਰ ਪੂਰਨ ਕੁੰਭ ਵਿੱਚ ਰਿਸ਼ੀ, ਸੰਤ ਅਤੇ ਵਿਦਵਾਨ 45 ਦਿਨਾਂ ਤੱਕ ਸਮਾਜ ਦੀਆਂ ਮੌਜੂਦਾ ਸਥਿਤੀਆਂ 'ਤੇ ਵਿਚਾਰ-ਵਟਾਂਦਰਾ ਕਰਦੇ ਸਨ। ਇਸ ਮੰਥਨ ਵਿੱਚ, ਦੇਸ਼ ਅਤੇ ਸਮਾਜ ਨੂੰ ਨਵੇਂ ਦਿਸ਼ਾ-ਨਿਰਦੇਸ਼ ਮਿਲਦੇ ਸਨ।

ਇਸ ਤੋਂ ਬਾਅਦ, ਹਰ 6 ਸਾਲਾਂ ਬਾਅਦ ਅਰਧ ਕੁੰਭ ਵਿੱਚ ਸਥਿਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕੀਤੀ ਜਾਂਦੀ ਸੀ। 12 ਪੂਰਨ ਕੁੰਭਾਂ ਦੇ ਸਮੇਂ ਤੱਕ, ਯਾਨੀ 144 ਸਾਲਾਂ ਦੇ ਅੰਤਰਾਲ ਤੋਂ ਬਾਅਦ, ਪੁਰਾਣੇ ਹੋ ਚੁੱਕੇ ਦਿਸ਼ਾ-ਨਿਰਦੇਸ਼ਾਂ ਅਤੇ ਪਰੰਪਰਾਵਾਂ ਨੂੰ ਤਿਆਗ ਦਿੱਤਾ ਜਾਂਦਾ ਸੀ, ਆਧੁਨਿਕਤਾ ਨੂੰ ਸਵੀਕਾਰ ਕੀਤਾ ਜਾਂਦਾ ਸੀ ਅਤੇ ਯੁੱਗ ਅਨੁਸਾਰ ਬਦਲਾਅ ਕਰਕੇ ਨਵੀਆਂ ਪਰੰਪਰਾਵਾਂ ਦੀ ਸਿਰਜਣਾ ਕੀਤੀ ਜਾਂਦੀ ਸੀ।

144 ਸਾਲਾਂ ਬਾਅਦ ਹੋਏ ਮਹਾਕੁੰਭ ਵਿੱਚ ਰਿਸ਼ੀ-ਮੁਣੀ ਲੋਕਾਂ ਦੁਆਰਾ ਉਸ ਸਮੇਂ-ਕਾਲ, ਯੁੱਗ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਨਵੇਂ ਸੰਦੇਸ਼ ਵੀ ਦਿੱਤੇ ਜਾਂਦੇ ਸਨ। ਹੁਣ ਇਸ ਵਾਰ, 144 ਸਾਲਾਂ ਬਾਅਦ ਹੋਣ ਵਾਲੇ ਇਸ ਤਰ੍ਹਾਂ ਦੇ ਸੰਪੂਰਨ ਮਹਾਕੁੰਭ ਨੇ ਸਾਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਇੱਕ ਨਵੇਂ ਅਧਿਆਇ ਦਾ ਸੰਦੇਸ਼ ਵੀ ਦਿੱਤਾ ਹੈ। ਇਹ ਸੰਦੇਸ਼ ਹੈ-ਵਿਕਸਿਤ ਭਾਰਤ ਦਾ।

ਜਿਵੇਂ ਏਕਤਾ ਦੇ ਮਹਾਕੁੰਭ ਵਿੱਚ, ਹਰ ਸ਼ਰਧਾਲੂ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ, ਬੱਚਾ ਹੋਵੇ ਜਾਂ ਬੁੱਢਾ, ਦੇਸ਼ ਦਾ ਹੋਵੇ ਜਾਂ ਵਿਦੇਸ਼ ਦਾ, ਪਿੰਡ ਦਾ ਹੋਵੇ ਜਾਂ ਸ਼ਹਿਰ ਦਾ, ਪੂਰਬ ਦਾ ਹੋਵੇ ਜਾਂ ਪੱਛਮ ਦਾ, ਉੱਤਰ ਦਾ ਹੋਵੇ ਜਾਂ ਦੱਖਣ ਦਾ, ਕਿਸੇ ਵੀ ਜਾਤੀ ਦਾ, ਕਿਸੇ ਵੀ ਵਿਚਾਰਧਾਰਾ ਦਾ, ਸਾਰੇ ਇੱਕ ਮਹਾਯੱਗ ਲਈ ਏਕਤਾ ਦੇ ਮਹਾਕੁੰਭ ਵਿੱਚ ਇੱਕ ਹੋ ਗਏ। ਏਕ ਭਾਰਤ, ਸ਼੍ਰੇਸ਼ਠ ਭਾਰਤ ਦਾ ਇਹ ਅਭੁੱਲਣਯੋਗ ਦ੍ਰਿਸ਼ ਕਰੋੜਾਂ ਦੇਸ਼ ਵਾਸੀਆਂ ਵਿੱਚ ਆਤਮਵਿਸ਼ਵਾਸ ਦਾ ਇੱਕ ਮਹਾ ਪਰਵ ਬਣ ਗਿਆ। ਹੁਣ ਇਸ ਤਰ੍ਹਾਂ ਅਸੀਂ ਇੱਕ ਹੋ ਕੇ ਵਿਕਸਿਤ ਭਾਰਤ ਦੇ ਮਹਾ ਯੱਗ ਲਈ ਇਕਜੁੱਟ ਹੋਣਾ ਹੈ।

ਸਾਥੀਓ,

ਅੱਜ ਮੈਨੂੰ ਉਹ ਪ੍ਰਸੰਗ ਵੀ ਯਾਦ ਆ ਰਿਹਾ ਹੈ ਜਦੋਂ ਭਗਵਾਨ ਕ੍ਰਿਸ਼ਨ ਨੇ ਬਾਲ ਰੂਪ ਵਿੱਚ ਮਾਂ ਯਸ਼ੋਦਾ ਨੂੰ ਆਪਣੇ ਮੂੰਹ ਵਿੱਚ ਬ੍ਰਹਿਮੰਡ ਦੇ ਦਰਸ਼ਨ ਕਰਵਾਏ ਸਨ। ਇਸੇ ਤਰ੍ਹਾਂ, ਇਸ ਮਹਾਕੁੰਭ ਵਿੱਚ, ਭਾਰਤੀਆਂ ਅਤੇ ਦੁਨੀਆ ਨੇ ਭਾਰਤ ਦੀ ਸ਼ਕਤੀ ਦੇ ਵਿਸ਼ਾਲ ਸਰੂਪ ਨੂੰ ਦੇਖਿਆ ਹੈ। ਅਸੀਂ ਹੁਣ ਇਸ ਆਤਮਵਿਸ਼ਵਾਸ ਨਾਲ ਇੱਕ ਮਨ ਹੋ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਹੈ।

ਇਹ ਭਾਰਤ ਦੀ ਇੱਕ ਅਜਿਹੀ ਸ਼ਕਤੀ ਹੈ, ਜਿਸ ਬਾਰੇ ਭਗਤੀ ਅੰਦੋਲਨ ਵਿੱਚ ਸਾਡੇ ਸੰਤਾਂ ਨੇ ਰਾਸ਼ਟਰ ਦੇ ਹਰ ਕੋਨੇ ਵਿੱਚ ਅਲਖ ਜਗਾਈ ਸੀ। ਵਿਵੇਕਾਨੰਦ ਹੋਣ ਜਾਂ ਸ਼੍ਰੀ ਔਰੋਬਿੰਦੋ ਹੋਣ, ਹਰ ਕਿਸੇ ਨੇ ਸਾਨੂੰ ਇਸ ਬਾਰੇ ਜਾਗਰੂਕ ਕੀਤਾ ਸੀ। ਇਸ ਦਾ ਅਨੁਭਵ ਗਾਂਧੀ ਜੀ ਨੇ ਵੀ ਆਜ਼ਾਦੀ ਅੰਦੋਲਨ ਦੇ ਸਮੇਂ ਕੀਤਾ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੀ ਇਸ ਸ਼ਕਤੀ ਦੇ ਵਿਸ਼ਾਲ ਰੂਪ ਨੂੰ ਜੇਕਰ ਅਸੀਂ ਜਾਣਿਆ ਹੁੰਦਾ, ਅਤੇ ਇਸ ਸ਼ਕਤੀ ਨੂੰ ਸਰਵਜਨ ਹਿਤਾਯ, ਸਰਵਜਨ ਸੁਖਾਯ ਮੋੜਿਆ ਹੁੰਦਾ, ਤਾਂ ਇਹ ਗੁਲਾਮੀ ਦੇ ਪ੍ਰਭਾਵਾਂ ਤੋਂ ਬਾਹਰ ਨਿਕਲਦੇ ਭਾਰਤ ਦੀ ਬਹੁਤ ਵੱਡੀ ਸ਼ਕਤੀ ਬਣ ਜਾਂਦੀ। ਪਰ ਅਸੀਂ ਉਦੋਂ ਇਹ ਨਹੀਂ ਕਰ ਪਾਏ। ਹੁਣ ਮੈਂ ਸੰਤੋਸ਼ ਹੈ, ਖੁਸੀ ਹੈ ਕਿ ਜਨਤਾ ਜਨਾਰਦਨ ਦੀ ਇਹ ਸ਼ਕਤੀ, ਵਿਕਸਿਤ ਭਾਰਤ ਲਈ ਇਕਜੁੱਟ ਹੋ ਰਹੀ ਹੈ।

ਵੇਦ ਤੋਂ ਵਿਵੇਕਾਨੰਦ ਤੱਕ ਅਤੇ ਉਪਨਿਸ਼ਦ ਤੋਂ ਉਪਗ੍ਰਹ ਤੱਕ, ਭਾਰਤ ਦੀਆਂ ਮਹਾਨ ਪਰੰਪਰਾਵਾਂ ਨੇ ਇਸ ਰਾਸ਼ਟਰ ਨੂੰ ਆਕਾਰ ਦਿੱਤਾ ਹੈ। ਮੇਰੀ ਕਾਮਨਾ ਹੈ, ਇੱਕ ਨਾਗਰਿਕ ਦੇ ਤੌਰ ‘ਤੇ ਪੂਰੀ ਸ਼ਰਧਾ ਨਾਲ, ਆਪਣੇ ਪੂਰਵਜਾਂ, ਆਪਣੇ ਰਿਸ਼ੀਆਂ-ਮੁਣੀਆਂ ਦਾ ਪੁੰਨਯ ਨੂੰ ਯਾਦ ਕਰਦੇ ਹੋਏ, ਏਕਤਾ ਦੇ ਇਸ ਮਹਾਕੁੰਭ ਤੋਂ ਅਸੀਂ ਨਵੀਂ ਪ੍ਰੇਰਣਾ ਲੈਂਦੇ ਹੋਏ, ਨਵੇਂ ਸੰਕਲਪਾਂ ਨੂੰ ਨਾਲ ਲੈ ਕੇ ਚੱਲੀਏ। ਅਸੀਂ ਏਕਤਾ ਦੇ ਮਹਾਮੰਤਰ ਨੂੰ ਜੀਵਨ ਮੰਤਰ ਬਣਾਈਏ; ਦੇਸ਼ ਸੇਵਾ ਵਿੱਚ ਹੀ ਦੇਵ ਸੇਵਾ, ਜੀਵ ਸੇਵਾ ਵਿੱਚ ਹੀ ਸ਼ਿਵ ਸੇਵਾ ਦੇ ਭਾਵ ਨਾਲ ਖੁਦ ਨੂੰ ਸਮਰਪਿਤ ਕਰੀਏ।

ਸਾਥੀਓ,

ਜਦੋਂ ਮੈਂ ਚੋਣਾਂ ਲਈ ਕਾਸ਼ੀ ਗਿਆ ਸੀ, ਤਾਂ ਮੇਰੇ ਅੰਦਰ ਦੀਆਂ ਭਾਵਨਾਵਾਂ ਸ਼ਬਦਾਂ ਵਿੱਚ ਪ੍ਰਗਟ ਹੋਈਆਂ ਸਨ, ਅਤੇ ਮੈਂ ਕਿਹਾ - ਮਾਂ ਗੰਗਾ ਨੇ ਮੈਨੂੰ ਬੁਲਾਇਆ ਹੈ। ਇਸ ਵਿੱਚ ਇੱਕ ਜ਼ਿੰਮੇਵਾਰੀ ਵੀ ਸੀ, ਸਾਡੀਆਂ ਮਾਂ ਸਰੂਪੀ ਨਦੀਆਂ ਦੀ ਸ਼ੁੱਧਤਾ ਨੂੰ ਲੈ ਕੇ, ਸਵੱਛਤਾ ਨੂੰ ਲੈ ਕੇ। ਪ੍ਰਯਾਗਰਾਜ ਵਿੱਚ ਵੀ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ 'ਤੇ ਮੇਰਾ ਇਹ ਸੰਕਲਪ ਹੋਰ ਮਜ਼ਬੂਤ ਹੋਇਆ ਹੈ। ਗੰਗਾ ਜੀ, ਯਮੁਨਾ ਜੀ, ਸਾਡੀਆਂ ਨਦੀਆਂ ਦੀ ਸਵੱਛਤਾ ਸਾਡੀ ਜੀਵਨ ਯਾਤਰਾ ਨਾਲ ਜੁੜੀ ਹੋਈ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਨਦੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਹਰ ਨਦੀ ਨੂੰ ਜੀਵਨਦਾਤਾ ਮਾਂ ਦਾ ਪ੍ਰਤੀਕ ਸਮਝਦੇ ਹੋਏ ਅਸੀਂ ਆਪਣੀ ਸਹੂਲਤ ਅਨੁਸਾਰ, ਨਦੀ ਉਤਸਵ ਜ਼ਰੂਰ ਮਨਾਈਏ। ਇਹ ਏਕਤਾ ਦਾ ਮਹਾਕੁੰਭ ਸਾਨੂੰ ਇਸ ਗੱਲ ਦੀ ਪ੍ਰੇਰਣਾ ਦੇ ਕੇ ਗਿਆ ਹੈ ਕਿ ਅਸੀਂ ਆਪਣੀਆਂ ਨਦੀਆਂ ਨੂੰ ਨਿਰੰਤਰ ਸਵੱਛ ਰੱਖੀਏ, ਇਸ ਅਭਿਯਾਨ ਨੂੰ ਨਿਰੰਤਰ ਮਜ਼ਬੂਤ ਕਰਦੇ ਰਹੀਏ।

ਮੈਂ ਜਾਣਦਾ ਹਾਂ, ਇੰਨਾ ਵੱਡਾ ਸਮਾਗਮ ਦਾ ਆਯੋਜਨ ਅਸਾਨ ਨਹੀਂ ਸੀ। ਮੈਂ ਪ੍ਰਾਰਥਨਾ ਕਰਦਾ ਹਾਂ ਮਾਂ ਗੰਗਾ ਨੂੰ... ਮਾਂ ਯਮੁਨਾ ਨੂੰ... ਮਾਂ ਸਰਸਵਤੀ ਨੂੰ... ਹੇ ਮਾਂ, ਜੇਕਰ ਸਾਡੀ ਪੂਜਾ ਵਿੱਚ ਕੋਈ ਕਮੀ ਰਹਿ ਗਈ ਹੈ, ਤਾਂ ਕਿਰਪਾ ਕਰਕੇ ਮੁਆਫ਼ ਕਰ ਦਿਓ...। ਜਨਤਾ ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਹੀ ਰੂਪ ਹੈ, ਸ਼ਰਧਾਲੂਆਂ ਦੀ ਸੇਵਾ ਵਿੱਚ ਵੀ ਜੇਕਰ ਸਾਡੇ ਤੋਂ ਕੁਝ ਕਮੀ ਰਹਿ ਗਈ ਹੋਵੇ, ਤਾਂ ਮੈਂ ਜਨਤਾ ਜਨਾਰਦਨ ਤੋਂ ਵੀ ਮੁਆਫ਼ੀ ਮੰਗਦਾ ਹਾਂ।

ਸਾਥੀਓ,

ਸ਼ਰਧਾ ਨਾਲ ਭਰੇ ਜੋ ਕਰੋੜਾਂ ਲੋਕ ਪ੍ਰਯਾਗ ਪਹੁੰਚ ਕੇ ਇਸ ਏਕਤਾ ਦੇ ਮਹਾਕੁੰਭ ਦਾ ਹਿੱਸਾ ਬਣੇ, ਉਨ੍ਹਾਂ ਦੀ ਸੇਵਾ ਦੀ ਜ਼ਿੰਮੇਵਾਰੀ ਵੀ ਸ਼ਰਧਾ ਦੇ ਸਮਰੱਥ ਨਾਲ ਹੀ ਪੂਰੀ ਹੋਈ ਹੈ। ਯੂਪੀ ਦਾ ਸਾਂਸਦ ਹੋਣ ਦੇ ਨਾਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਯੋਗੀ ਜੀ ਦੀ ਅਗਵਾਈ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਜਨਤਾ ਨੇ ਮਿਲ ਕੇ, ਇਸ ਏਕਤਾ ਦੇ ਮਹਾਕੁੰਭ ਨੂੰ ਸਫਲ ਬਣਾਇਆ। ਕੇਂਦਰ ਹੋਵੇ ਜਾਂ ਰਾਜ ਹੋਵੇ, ਇੱਥੇ ਨਾ ਕੋਈ ਸ਼ਾਸਕ ਸੀ, ਨਾ ਕੋਈ ਪ੍ਰਸ਼ਾਸਕ ਸੀ, ਹਰ ਕੋਈ ਸ਼ਰਧਾ ਨਾਲ ਭਰਿਆ ਸੇਵਕ ਸੀ। ਸਾਡੇ ਸਫਾਈ ਕਰਮਚਾਰੀ, ਸਾਡੇ ਪੁਲਿਸ ਕਰਮਚਾਰੀ, ਸਾਡੇ ਨਾਵਿਕ ਸਾਥੀ, ਡਰਾਈਵਰ, ਖਾਣਾ ਬਣਾਉਣ ਵਾਲੇ, ਸਾਰਿਆਂ ਨੇ ਪੂਰੀ ਸ਼ਰਧਾ ਅਤੇ ਸੇਵਾ ਦੀ ਭਾਵਨਾ ਨਾਲ ਨਿਰੰਤਰ ਕੰਮ ਕਰਕੇ ਇਸ ਮਹਾਕੁੰਭ ਨੂੰ ਸਫਲ ਬਣਾਇਆ। ਖਾਸ ਕਰਕੇ, ਪ੍ਰਯਾਗਰਾਜ ਦੇ ਨਿਵਾਸੀਆਂ ਨੇ ਇਨ੍ਹਾਂ 45 ਦਿਨਾਂ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਜਿਸ ਤਰ੍ਹਾਂ ਸ਼ਰਧਾਲੂਆਂ ਦੀ ਸੇਵਾ ਕੀਤੀ ਹੈ, ਉਹ ਬੇਮਿਸਾਲ ਹੈ। ਮੈਂ ਪ੍ਰਯਾਗਰਾਜ ਦੇ ਸਾਰੇ ਨਿਵਾਸੀਆਂ ਦਾ, ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਅਭਿੰਨਦਨ ਕਰਦਾ ਹਾਂ।

ਸਾਥੀਓ,

ਮਹਾਕੁੰਭ ਦੇ ਦ੍ਰਿਸ਼ਾਂ ਨੂੰ ਦੇਖ ਕੇ, ਸ਼ੁਰੂ ਤੋਂ ਹੀ ਮੇਰੇ ਮਨ ਵਿੱਚ ਜੋ ਭਾਵਨਾਵਾਂ ਉਠੀਆਂ, ਜੋ ਪਿਛਲੇ 45 ਦਿਨਾਂ ਵਿੱਚ ਹੋਰ ਮਜ਼ਬੂਤ ਹੋਈਆਂ ਹਨ, ਰਾਸ਼ਟਰ ਦੇ ਉੱਜਵਲ ਭਵਿੱਖ ਨੂੰ ਲੈ ਕੇ ਮੇਰੀ ਆਸਥਾ, ਕਈ ਗੁਣਾ ਮਜ਼ਬੂਤ ਹੋ ਗਈ ਹੈ।

140 ਕਰੋੜ ਦੇਸ਼ ਵਾਸੀਆਂ ਨੇ ਜਿਸ ਤਰ੍ਹਾਂ ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਨੂੰ ਅੱਜ ਦੀ ਦੁਨੀਆ ਦੀ ਇੱਕ ਮਹਾਨ ਪਹਿਚਾਣ ਬਣਾ ਦਿੱਤੀ, ਉਹ ਅਦਭੁਤ ਹੈ।

ਦੇਸ਼ ਵਾਸੀਆਂ ਦੀ ਇਸ ਮਿਹਨਤ ਨਾਲ, ਉਨ੍ਹਾਂ ਦੇ ਯਤਨਾਂ ਨਾਲ, ਉਨ੍ਹਾਂ ਦੇ ਸੰਕਲਪ ਤੋਂ ਪ੍ਰਭਾਵਿਤ ਮੈਂ ਜਲਦੀ ਹੀ ਦਵਾਦਸ਼ ਜਯੋਤਿਰਲਿੰਗ ਵਿੱਚੋਂ ਪਹਿਲੇ ਜਯੋਤਿਰਲਿੰਗ, ਸ਼੍ਰੀ ਸੋਮਨਾਥ ਦੇ ਦਰਸ਼ਨ ਕਰਨ ਜਾਵਾਂਗਾ ਅਤੇ ਸ਼ਰਧਾ ਰੂਪੀ ਸੰਕਲਪ ਪੁਸ਼ਪ ਨੂੰ ਸਮਰਪਿਤ ਕਰਦੇ ਹੋਏ ਹਰ ਭਾਰਤੀ ਦੇ ਲਈ ਪ੍ਰਾਰਥਨਾ ਕਰਾਂਗਾ।

ਮਹਾਕੁੰਭ ਦਾ ਭੌਤਿਕ ਸਵਰੂਪ ਮਹਾਸ਼ਿਵਰਾਤਰੀ ਨੂੰ ਸੰਪੂਰਨਤਾ ਪ੍ਰਾਪਤ ਕਰ ਗਿਆ ਹੈ। ਪਰ ਮੈਨੂੰ ਵਿਸ਼ਵਾਸ ਹੈ, ਮਾਂ ਗੰਗਾ ਦੀ ਅਵਿਰਲ ਧਾਰਾ ਵਾਂਗ, ਮਹਾਕੁੰਭ ਦੀ ਅਧਿਆਤਮਿਕ ਚੇਤਨਾ ਦੀ ਧਾਰਾ ਅਤੇ ਏਕਤਾ ਦੀ ਧਾਰਾ ਨਿਰੰਤਰ ਵਹਿੰਦੀ ਰਹੇਗੀ।