ਦਿੱਵਯਾਂਗ ਕਲਾਕਾਰ ਦੀਆ ਗੋਸਾਈ ਦੇ ਲਈ ਰਚਨਾਤਮਕਤਾ ਦਾ ਇੱਕ ਪਲ, ਜੀਵਨ ਬਦਲਣ ਵਾਲੇ ਅਨੁਭਵ ਵਿੱਚ ਬਦਲ ਗਿਆ। 29 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵਡੋਦਰਾ ਰੋਡ ਸ਼ੋਅ ਦੇ ਦੌਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰੈਜ਼ੀਡੈਂਟ ਆਵ੍ ਗਵਰਨਮੈਂਟ ਆਵ੍ ਸਪੇਨ, ਮਹਾਮਹਿਮ ਸ਼੍ਰੀ ਪੇਡਰੋ ਸਾਂਚੇਜ਼ ਦੇ ਆਪਣੇ ਸਕੈਚ ਪੇਸ਼ ਕੀਤੇ। ਦੋਨਾਂ ਨੇਤਾਵਾਂ ਨੇ ਵਿਅਕਤੀਗਤ ਤੌਰ 'ਤੇ ਉਨ੍ਹਾਂ ਦੇ ਭਾਵਨਾਤਮਕ ਉਪਹਾਰ ਨੂੰ ਸਵੀਕਾਰ ਕੀਤਾ, ਜਿਸ ਨਾਲ ਉਹ ਬਹੁਤ ਖੁਸ਼ ਹੋਏ।
ਕੁਝ ਹਫ਼ਤਿਆਂ ਬਾਅਦ, 6 ਨਵੰਬਰ ਨੂੰ, ਦੀਆ ਨੂੰ ਪ੍ਰਧਾਨ ਮੰਤਰੀ ਤੋਂ ਇੱਕ ਪੱਤਰ ਮਿਲਿਆ ਜਿਸ ਵਿੱਚ ਉਨ੍ਹਾਂ ਦੀ ਕਲਾਕਾਰੀ ਦੀ ਪ੍ਰਸ਼ੰਸਾ ਕੀਤੀ ਗਈ ਸੀ ਅਤੇ ਦੱਸਿਆ ਗਿਆ ਸੀ ਕਿ ਕਿਵੇਂ ਮਹਾਮਹਿਮ ਸ਼੍ਰੀ ਸਾਂਚੇਜ਼ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਸਮਰਪਣ ਦੇ ਨਾਲ ਲਲਿਤ ਕਲਾਵਾਂ ਨੂੰ ਅੱਗੇ ਵਧਾਉਣ ਦੇ ਲਈ ਪ੍ਰੋਤਸਾਹਿਤ ਕੀਤਾ, ਅਤੇ "ਵਿਕਸਿਤ ਭਾਰਤ" ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ‘ਤੇ ਵਿਸ਼ਵਾਸ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਦੀਵਾਲੀ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ, ਜੋ ਉਨ੍ਹਾਂ ਦੇ ਵਿਅਕਤੀਗਤ ਜੁੜਾਅ ਨੂੰ ਦਰਸਾਉਂਦਾ ਹੈ।
ਬਹੁਤ ਖੁਸ਼ ਹੋ ਕੇ, ਦੀਆ ਨੇ ਆਪਣੇ ਮਾਤਾ-ਪਿਤਾ ਨੂੰ ਉਹ ਪੱਤਰ ਪੜ੍ਹ ਕੇ ਸੁਣਾਇਆ, ਜੋ ਇਸ ਗੱਲ ਤੋਂ ਬਹੁਤ ਖੁਸ਼ ਸਨ ਕਿ ਉਸ ਨੇ ਪਰਿਵਾਰ ਨੂੰ ਇੰਨਾ ਬੜਾ ਸਨਮਾਨ ਦਿਵਾਇਆ। ਦੀਆ ਨੇ ਕਿਹਾ, "ਮੈਨੂੰ ਆਪਣੇ ਦੇਸ਼ ਦਾ ਇੱਕ ਛੋਟਾ ਜਿਹਾ ਹਿੱਸਾ ਹੋਣ 'ਤੇ ਮਾਣ ਹੈ। ਮੋਦੀ ਜੀ, ਮੈਨੂੰ ਆਪਣਾ ਸਨੇਹ ਅਤੇ ਅਸ਼ੀਰਵਾਦ ਦੇਣ ਦੇ ਲਈ ਤੁਹਾਡਾ ਧੰਨਵਾਦ।" ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੱਤਰ ਨਾਲ ਉਨ੍ਹਾਂ ਨੂੰ ਜੀਵਨ ਵਿੱਚ ਸਾਹਸਿਕ ਕਦਮ ਉਠਾਉਣ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਦੇ ਲਈ ਪ੍ਰੇਰਿਤ ਕਰਨ ਦੀ ਗਹਿਰੀ ਪ੍ਰੇਰਣਾ ਮਿਲੀ।
ਪ੍ਰਧਾਨ ਮੰਤਰੀ ਮੋਦੀ ਦਾ ਇਹ ਕਦਮ, ਦਿੱਵਯਾਂਗਜਨਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸੁਗਮਯ ਭਾਰਤ ਅਭਿਯਾਨ ਜਿਹੀਆਂ ਅਨੇਕ ਪਹਿਲਾਂ ਤੋਂ ਲੈ ਕੇ ਦੀਆ ਜਿਹੇ ਵਿਅਕਤੀਗਤ ਜੁੜਾਅ ਤੱਕ, ਉਹ ਲਗਾਤਾਰ ਪ੍ਰੇਰਣਾ ਦਿੰਦੇ ਹਨ ਅਤੇ ਉਥਾਨ ਕਰਦੇ ਹਨ, ਇਹ ਸਾਬਤ ਕਰਦੇ ਹੋਏ ਕਿ ਉੱਜਵਲ ਭਵਿੱਖ ਬਣਾਉਣ ਵਿੱਚ ਹਰ ਪ੍ਰਯਾਸ ਮਹੱਤਵਪੂਰਨ ਹੈ।