ਵੱਡਾ ਸੋਚਾਂਗੇ, ਵੱਡੇ ਸੁਪਨੇ ਦੇਖਾਂਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਜੀਅ-ਜਾਨ ਲਗਾ ਦੇਵਾਂਗੇ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
December 26th, 11:30 am
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਇਸ ਵੇਲੇ ਤੁਸੀਂ 2021 ਦੀ ਵਿਦਾਈ ਅਤੇ 2022 ਦੇ ਸਵਾਗਤ ਦੀ ਤਿਆਰੀ ਵਿੱਚ ਜੁਟੇ ਹੀ ਹੋਵੋਗੇ। ਨਵੇਂ ਸਾਲ ’ਤੇ ਹਰ ਵਿਅਕਤੀ, ਹਰ ਸੰਸਥਾ ਆਉਣ ਵਾਲੇ ਸਾਲ ਵਿੱਚ ਕੁਝ ਹੋਰ ਬਿਹਤਰ ਕਰਨ, ਬਿਹਤਰ ਬਣਨ ਦੇ ਸੰਕਲਪ ਲੈਂਦਾ ਹੈ। ਪਿਛਲੇ 7 ਸਾਲਾਂ ਤੋਂ ਸਾਡੀ ਇਹ ‘ਮਨ ਕੀ ਬਾਤ’ ਵੀ ਵਿਅਕਤੀ ਦੀਆਂ, ਸਮਾਜ ਦੀਆਂ, ਦੇਸ਼ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਕੇ, ਹੋਰ ਚੰਗਾ ਕਰਨ ਅਤੇ ਚੰਗਾ ਬਣਨ ਦੀ ਪ੍ਰੇਰਣਾ ਦਿੰਦੀ ਆਈ ਹੈ। ਇਨ੍ਹਾਂ 7 ਸਾਲਾਂ ਵਿੱਚ ‘ਮਨ ਕੀ ਬਾਤ’ ਕਰਦਿਆਂ ਹੋਇਆਂ ਮੈਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕਰ ਸਕਦਾ ਸੀ। ਤੁਹਾਨੂੰ ਵੀ ਚੰਗਾ ਲਗਦਾ, ਤੁਸੀਂ ਵੀ ਸ਼ਲਾਘਾ ਕੀਤੀ ਹੁੰਦੀ, ਲੇਕਿਨ ਇਹ ਮੇਰਾ ਦਹਾਕਿਆਂ ਦਾ ਤਜ਼ਰਬਾ ਹੈ ਕਿ ਮੀਡੀਆ ਦੀ ਚਮਕ-ਦਮਕ ਤੋਂ ਦੂਰ, ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਦੂਰ ਕੋਟਿ-ਕੋਟਿ ਲੋਕ ਹਨ, ਜੋ ਬਹੁਤ ਕੁਝ ਚੰਗਾ ਕਰ ਰਹੇ ਹਨ। ਉਹ ਦੇਸ਼ ਦੇ ਆਉਣ ਵਾਲੇ ਕੱਲ੍ਹ ਦੇ ਲਈ, ਆਪਣਾ ਅੱਜ ਖ਼ਪਾ ਰਹੇ ਹਨ। ਉਹ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੇ ਯਤਨਾਂ ’ਤੇ, ਅੱਜ ਜੀਅ-ਜਾਨ ਨਾਲ ਜੁਟੇ ਰਹਿੰਦੇ ਹਨ। ਅਜਿਹੇ ਲੋਕਾਂ ਦੀ ਗੱਲ ਬਹੁਤ ਸਕੂਨ ਦਿੰਦੀ ਹੈ, ਡੂੰਘੀ ਪ੍ਰੇਰਣਾ ਦਿੰਦੀ ਹੈ। ਮੇਰੇ ਲਈ ‘ਮਨ ਕੀ ਬਾਤ’ ਹਮੇਸ਼ਾ ਤੋਂ ਅਜਿਹੇ ਹੀ ਲੋਕਾਂ ਦੇ ਯਤਨਾਂ ਨਾਲ ਭਰਿਆ ਹੋਇਆ, ਖਿੜਿਆ ਹੋਇਆ, ਸਜਿਆ ਹੋਇਆ ਇੱਕ ਸੁੰਦਰ ਬਾਗ਼ ਰਿਹਾ ਹੈ ਅਤੇ ‘ਮਨ ਕੀ ਬਾਤ’ ਵਿੱਚ ਤਾਂ ਹਰ ਮਹੀਨੇ ਮੇਰਾ ਜ਼ੋਰ ਹੀ ਇਸ ਗੱਲ ’ਤੇ ਹੁੰਦਾ ਹੈ, ਇਸ ਬਾਗ਼ ਦੀ ਕਿਹੜੀ ਪੱਤੀ ਤੁਹਾਡੇ ਦਰਮਿਆਨ ਲੈ ਕੇ ਆਵਾਂ। ਮੈਨੂੰ ਖੁਸ਼ੀ ਹੈ ਕਿ ਸਾਡੀ ਅਨਮੋਲ ਧਰਤੀ ਦੇ ਪੁੰਨ ਕਾਰਜਾਂ ਦਾ ਲਗਾਤਾਰ ਪ੍ਰਵਾਹ ਨਿਰੰਤਰ ਵਹਿੰਦਾ ਰਹਿੰਦਾ ਹੈ ਅਤੇ ਅੱਜ ਜਦੋਂ ਦੇਸ਼ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਇਹ ਜੋ ਜਨ ਸ਼ਕਤੀ ਹੈ, ਜਨ-ਜਨ ਦੀ ਸ਼ਕਤੀ ਹੈ ਉਸ ਦਾ ਵਰਨਣ, ਉਸ ਦੇ ਯਤਨ, ਉਸ ਦੀ ਮਿਹਨਤ ਭਾਰਤ ਦੇ ਅਤੇ ਮਨੁੱਖਤਾ ਦੇ ਰੋਸ਼ਨ ਭਵਿੱਖ ਦੇ ਲਈ ਇੱਕ ਤਰ੍ਹਾਂ ਨਾਲ ਇਹ ਗਰੰਟੀ ਦਿੰਦਾ ਹੈ।