ਨਮਸਤੇ।
ਮਾਰੀਸ਼ਸ ਗਣਰਾਜ ਦੇ ਪ੍ਰਧਾਨ ਮੰਤਰੀ ਮਾਣਯੋਗ ਪ੍ਰਵਿੰਦ ਕੁਮਾਰ ਜਗਨਨਾਥ ਜੀ,
Excellencies,
ਭਾਰਤ ਦੇ ਸਾਰੇ 130 ਕਰੋੜ ਲੋਕਾਂ ਦੁਆਰਾ, ਮਾਰੀਸ਼ਸ ਦੇ ਸਾਰੇ ਭਾਈਆਂ-ਭੈਣਾਂ ਨੂੰ ਨਮਸਕਾਰ, ਬੋਨਜੌਰ, ਅਤੇ ਥਾਈਪੂਸਮ ਕਾਵਡੀ ਦੀਆਂ ਸ਼ੁਭਕਾਮਨਾਵਾਂ
ਸ਼ੁਰੂਆਤ ਵਿੱਚ, ਮੈਂ ਭਾਰਤ-ਮਾਰੀਸ਼ਸ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਰਹੂਮ ਸਰ ਅਨਿਰੁੱਧ ਜਗਨਨਾਥ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਨਾ ਚਾਹੁੰਦਾ ਹਾਂ। ਉਹ ਇੱਕ ਦੂਰਅੰਦੇਸ਼ੀ ਨੇਤਾ ਸਨ, ਜਿਨ੍ਹਾਂ ਦਾ ਭਾਰਤ ਵਿੱਚ ਵਿਆਪਕ ਤੌਰ 'ਤੇ ਸਤਿਕਾਰ ਕੀਤਾ ਜਾਂਦਾ ਸੀ। ਉਨ੍ਹਾਂ ਦੇ ਦੇਹਾਂਤ 'ਤੇ, ਅਸੀਂ ਭਾਰਤ ਵਿੱਚ ਰਾਸ਼ਟਰੀ ਸੋਗ ਦਿਵਸ ਦਾ ਐਲਾਨ ਕੀਤਾ ਸੀ ਅਤੇ ਸਾਡੀ ਸੰਸਦ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਸਾਲ 2020 ਵਿੱਚ ਉਨ੍ਹਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਸੀ। ਬਦਕਿਸਮਤੀ ਨਾਲ, ਮਹਾਮਾਰੀ ਨੇ ਸਾਨੂੰ ਉਨ੍ਹਾਂ ਦੇ ਜੀਵਨ ਕਾਲ ਵਿੱਚ ਪੁਰਸਕਾਰ ਸਮਾਰੋਹ ਨੂੰ ਤੈਅ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਪਰ ਸਾਨੂੰ ਪਿਛਲੇ ਸਾਲ ਨਵੰਬਰ ਵਿੱਚ ਪੁਰਸਕਾਰ ਸਵੀਕਾਰ ਕਰਨ ਲਈ ਲੇਡੀ ਸਰੋਜਨੀ ਜਗਨਨਾਥ ਦੀ ਮੌਜੂਦਗੀ ਨੇ ਸਾਨੂੰ ਮਾਣ ਦਿਵਾਇਆ ਸੀ। ਉਨ੍ਹਾਂ ਦੀ ਦੁਖਦਾਈ ਮੌਤ ਤੋਂ ਬਾਅਦ ਸਾਡੇ ਦੇਸ਼ਾਂ ਵਿਚਾਲੇ ਇਹ ਪਹਿਲਾ ਦੁਵੱਲਾ ਸਮਾਗਮ ਹੈ। ਅਤੇ ਇਸ ਲਈ, ਜਿਵੇਂ ਕਿ ਅਸੀਂ ਆਪਣੀ ਸਾਂਝੀ ਵਿਕਾਸ ਯਾਤਰਾ ਵਿੱਚ ਇੱਕ ਹੋਰ ਮੀਲ ਪੱਥਰ ਦਾ ਜਸ਼ਨ ਮਨਾ ਰਹੇ ਹਾਂ, ਮੈਂ ਉਨ੍ਹਾਂ ਦੇ ਪਰਿਵਾਰ ਅਤੇ ਮਾਰੀਸ਼ਸ ਦੇ ਸਾਰੇ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ।
Excellencies,
ਭਾਰਤ ਅਤੇ ਮਾਰੀਸ਼ਸ ਇਤਿਹਾਸ, ਵੰਸ਼, ਸੱਭਿਆਚਾਰ, ਭਾਸ਼ਾ ਅਤੇ ਹਿੰਦ ਮਹਾਸਾਗਰ ਦੇ ਸਾਂਝੇ ਪਾਣੀਆਂ ਦੁਆਰਾ ਇਕਜੁੱਟ ਹਨ। ਅੱਜ, ਸਾਡੀ ਮਜ਼ਬੂਤ ਵਿਕਾਸ ਸਾਂਝੇਦਾਰੀ ਸਾਡੇ ਨਜ਼ਦੀਕੀ ਸਬੰਧਾਂ ਦੇ ਮੁੱਖ ਥੰਮ੍ਹ ਵਜੋਂ ਉੱਭਰੀ ਹੈ। ਮਾਰੀਸ਼ਸ ਵਿਕਾਸ ਭਾਈਵਾਲੀ ਪ੍ਰਤੀ ਭਾਰਤ ਦੀ ਪਹੁੰਚ ਦੀ ਇੱਕ ਪ੍ਰਮੁੱਖ ਉਦਾਹਰਣ ਹੈ, ਜੋ ਸਾਡੇ ਭਾਈਵਾਲਾਂ ਦੀਆਂ ਜ਼ਰੂਰਤਾਂ ਅਤੇ ਤਰਜੀਹਾਂ 'ਤੇ ਅਧਾਰਿਤ ਹੈ ਅਤੇ ਉਨ੍ਹਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੀ ਹੈ।
ਪ੍ਰਵਿੰਦ ਜੀ, ਮੈਨੂੰ ਤੁਹਾਡੇ ਨਾਲ ਮੈਟਰੋ ਐਕਸਪ੍ਰੈੱਸ ਪ੍ਰੋਜੈਕਟ, ਨਿਊ ਈਐੱਨਟੀ ਹਸਪਤਾਲ ਅਤੇ ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਾ ਯਾਦ ਹੈ। 5.6 ਮਿਲੀਅਨ ਯਾਤਰੀਆਂ ਦੇ ਅੰਕੜੇ ਨੂੰ ਪਾਰ ਕਰਨ ਵਾਲੀ ਮੈਟਰੋ ਦੀ ਪ੍ਰਸਿੱਧੀ ਬਾਰੇ ਜਾਣ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਅਸੀਂ ਅੱਜ ਅਦਾਨ-ਪ੍ਰਦਾਨ ਕੀਤੇ ਗਏ 190 ਮਿਲੀਅਨ ਡਾਲਰ ਦੇ ਕ੍ਰੈਡਿਟ ਸਮਝੌਤੇ ਦੇ ਤਹਿਤ, ਮੈਟਰੋ ਦੇ ਹੋਰ ਵਿਸਤਾਰ ਲਈ ਸਮਰਥਨ ਕਰਨ ਦੀ ਉਮੀਦ ਰੱਖਦੇ ਹਾਂ। ਸਾਡੇ ਲਈ ਇਹ ਵੀ ਤਸੱਲੀ ਅਤੇ ਮਾਣ ਵਾਲੀ ਗੱਲ ਹੈ ਕਿ ਨਿਊ ਈਐੱਨਟੀ ਹਸਪਤਾਲ ਕੋਵਿਡ-19 ਦਾ ਮੁਕਾਬਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਦਰਅਸਲ, ਕੋਵਿਡ ਮਹਾਮਾਰੀ ਦੇ ਦੌਰਾਨ ਸਾਡਾ ਸਹਿਯੋਗ ਮਿਸਾਲੀ ਰਿਹਾ ਹੈ। ਸਾਡੇ ਵੈਕਸੀਨ ਮੈਤ੍ਰੀ ਪ੍ਰੋਗਰਾਮ ਦੇ ਤਹਿਤ, ਮਾਰੀਸ਼ਸ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਜਿੱਥੇ ਅਸੀਂ ਕੋਵਿਡ ਵੈਕਸੀਨ ਭੇਜਣ ਦੇ ਯੋਗ ਹੋਏ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਮਾਰੀਸ਼ਸ ਦੁਨੀਆ ਦੇ ਉਨ੍ਹਾਂ ਕੁੱਝ ਦੇਸ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਆਪਣੀ ਆਬਾਦੀ ਦੇ ਤਿੰਨ-ਚੌਥਾਈ ਹਿੱਸੇ ਦਾ ਮੁਕੰਮਲ ਟੀਕਾਕਰਣ ਕੀਤਾ ਹੈ। ਮਾਰੀਸ਼ਸ ਹਿੰਦ ਮਹਾਸਾਗਰ ਤੱਕ ਸਾਡੀ ਪਹੁੰਚ ਦਾ ਵੀ ਅਨਿੱਖੜਵਾਂ ਅੰਗ ਹੈ। ਮੇਰੀ 2015 ਫੇਰੀ ਦੌਰਾਨ, ਮਾਰੀਸ਼ਸ ਵਿੱਚ ਹੀ, ਮੈਂ ਸਾਗਰ (SAGAR)-ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ ਦੇ ਭਾਰਤ ਦੇ ਸਮੁੰਦਰੀ ਸਹਿਯੋਗ ਦੇ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਤਿਆਰ ਕੀਤੀ ਸੀ।
ਮੈਨੂੰ ਖੁਸ਼ੀ ਹੈ ਕਿ ਸਮੁੰਦਰੀ ਸੁਰੱਖਿਆ ਸਮੇਤ ਸਾਡੇ ਦੁਵੱਲੇ ਸਹਿਯੋਗ ਨੇ ਇਸ ਦ੍ਰਿਸ਼ਟੀਕੋਣ ਨੂੰ ਅਮਲ ਵਿੱਚ ਲਿਆਂਦਾ ਹੈ। ਕੋਵਿਡ ਦੀਆਂ ਰੁਕਾਵਟਾਂ ਦੇ ਬਾਵਜੂਦ, ਅਸੀਂ ਲੀਜ਼ 'ਤੇ ਇੱਕ ਡੌਰਨੀਅਰ ਜਹਾਜ਼ ਸੌਂਪਣ ਅਤੇ ਮਾਰੀਸ਼ੀਅਨ ਕੋਸਟ ਗਾਰਡ ਜਹਾਜ਼ ਬੈਰਾਕੁਡਾ ਦੀ ਸ਼ਾਰਟ ਰਿਫਿੱਟ ਨੂੰ ਪੂਰਾ ਕਰਨ ਦੇ ਯੋਗ ਹੋਏ। ਵਾਕਾਸ਼ੀਓ ਦੇ ਤੇਲ ਫੈਲਣ ਨੂੰ ਰੋਕਣ ਲਈ ਸਾਜ਼ੋ-ਸਾਮਾਨ ਅਤੇ ਮਾਹਰਾਂ ਦੀ ਤਾਇਨਾਤੀ ਸਾਡੀ ਸਾਂਝੀ ਸਮੁੰਦਰੀ ਵਿਰਾਸਤ ਦੀ ਰੱਖਿਆ ਲਈ ਸਾਡੇ ਸਹਿਯੋਗ ਦੀ ਇੱਕ ਹੋਰ ਉਦਾਹਰਣ ਸੀ।
Excellencies,
ਅੱਜ ਦਾ ਸਮਾਗਮ ਫਿਰ ਤੋਂ ਸਾਡੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਵਿੰਦ ਜੀ, ਮੈਨੂੰ ਸੋਸ਼ਲ ਹਾਊਸਿੰਗ ਪ੍ਰੋਜੈਕਟ ਦੇ ਪੂਰਾ ਹੋਣ 'ਤੇ ਤੁਹਾਡੇ ਨਾਲ ਜੁੜ ਕੇ ਖੁਸ਼ੀ ਹੋ ਰਹੀ ਹੈ। ਅਸੀਂ ਮਾਰੀਸ਼ਸ ਦੇ ਆਮ ਲੋਕਾਂ ਨੂੰ ਸਸਤੇ ਘਰ ਪ੍ਰਦਾਨ ਕਰਨ ਦੇ ਇਸ ਮਹੱਤਵਪੂਰਨ ਯਤਨ ਨਾਲ ਜੁੜ ਕੇ ਵਿਸ਼ੇਸ਼ ਤੌਰ 'ਤੇ ਖੁਸ਼ ਹਾਂ। ਅਸੀਂ ਅੱਜ ਦੋ ਹੋਰ ਪ੍ਰੋਜੈਕਟ ਵੀ ਸ਼ੁਰੂ ਕਰ ਰਹੇ ਹਾਂ, ਜੋ ਰਾਸ਼ਟਰ-ਨਿਰਮਾਣ ਲਈ ਮਹੱਤਵਪੂਰਨ ਹਨ: ਇੱਕ ਅਤਿ-ਆਧੁਨਿਕ ਸਿਵਲ ਸਰਵਿਸ ਕਾਲਜ, ਜੋ ਮਾਰੀਸ਼ਸ ਦੀ ਨਿਰੰਤਰ ਤਰੱਕੀ ਲਈ, ਸਰਕਾਰੀ ਅਧਿਕਾਰੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਮਦਦ ਕਰੇਗਾ; ਅਤੇ 8 ਮੈਗਾਵਾਟ ਸੋਲਰ ਪੀਵੀ ਫਾਰਮ ਪ੍ਰੋਜੈਕਟ, ਜੋ ਕਿ ਇੱਕ ਟਾਪੂ ਦੇਸ਼ ਵਜੋਂ ਮਾਰੀਸ਼ਸ ਦੇ ਦਰਪੇਸ਼ ਜਲਵਾਯੂ ਚੁਣੌਤੀਆਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ।
ਭਾਰਤ ਵਿੱਚ ਵੀ, ਅਸੀਂ ਆਪਣੇ ਮਿਸ਼ਨ ਕਰਮਯੋਗੀ ਦੇ ਤਹਿਤ ਸਿਵਲ-ਸੇਵਾ ਸਮਰੱਥਾ ਨਿਰਮਾਣ ਲਈ ਨਵੀਨ ਪਹੁੰਚਾਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਸਾਨੂੰ ਨਵੇਂ ਸਿਵਲ ਸਰਵਿਸਿਜ਼ ਕਾਲਜ ਨਾਲ ਆਪਣੇ ਅਨੁਭਵ ਸਾਂਝੇ ਕਰਨ ਵਿੱਚ ਖੁਸ਼ੀ ਹੋਵੇਗੀ। ਅਸੀਂ ਜਿਵੇਂ ਕਿ 8 ਮੈਗਾਵਾਟ ਸੋਲਰ ਪੀਵੀ ਫਾਰਮ ਨੂੰ ਲਾਂਚ ਕਰ ਰਹੇ ਹਾਂ, ਮੈਨੂੰ ਵੰਨ ਸੰਨ ਵੰਨ ਵਰਲਡ ਵੰਨ ਗ੍ਰਿੱਡ ਪਹਿਲ ਦੀ ਯਾਦ ਆਉਂਦੀ ਹੈ, ਜੋ ਪਿਛਲੇ ਸਾਲ ਗਲਾਸਗੋ ਵਿੱਚ ਸੀਓਪੀ-26 ਮੀਟਿੰਗ ਤੋਂ ਆਸੇ-ਪਾਸੇ ਸ਼ੁਰੂ ਕੀਤੀ ਗਈ ਸੀ। ਇਹ ਇੱਕ ਵਿਚਾਰ ਹੈ, ਜੋ ਮੈਂ ਅਕਤੂਬਰ 2018 ਵਿੱਚ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਪਹਿਲੀ ਅਸੈਂਬਲੀ ਵਿੱਚ ਪੇਸ਼ ਕੀਤਾ ਸੀ। ਇਹ ਪਹਿਲ ਨਾ ਸਿਰਫ਼ ਕਾਰਬਨ ਫੁੱਟਪ੍ਰਿੰਟਸ ਅਤੇ ਊਰਜਾ ਦੀ ਲਾਗਤ ਨੂੰ ਘਟਾਏਗੀ, ਬਲਕਿ ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਵਿਚਕਾਰ ਸਹਿਯੋਗ ਲਈ ਇੱਕ ਨਵਾਂ ਰਾਹ ਵੀ ਖੋਲ੍ਹੇਗੀ। ਮੈਨੂੰ ਉਮੀਦ ਹੈ ਕਿ ਭਾਰਤ ਅਤੇ ਮਾਰੀਸ਼ਸ ਮਿਲ ਕੇ ਸੂਰਜੀ ਊਰਜਾ ਦੇ ਖੇਤਰ ਵਿੱਚ ਅਜਿਹੇ ਸਹਿਯੋਗ ਦੀ ਇੱਕ ਚਮਕਦਾਰ ਮਿਸਾਲ ਪੈਦਾ ਕਰ ਸਕਦੇ ਹਨ।
ਛੋਟੇ ਵਿਕਾਸ ਪ੍ਰੋਜੈਕਟਾਂ ਬਾਰੇ ਸਮਝੌਤਾ, ਜਿਸ ਦਾ ਅਸੀਂ ਅੱਜ ਅਦਾਨ-ਪ੍ਰਦਾਨ ਕਰ ਰਹੇ ਹਾਂ, ਪੂਰੇ ਮਾਰੀਸ਼ਸ ਵਿੱਚ ਭਾਈਚਾਰਕ ਪੱਧਰ 'ਤੇ ਉੱਚ-ਪ੍ਰਭਾਵੀ ਪ੍ਰੋਜੈਕਟਾਂ ਨੂੰ ਪ੍ਰਦਾਨ ਕਰੇਗਾ। ਆਉਣ ਵਾਲੇ ਦਿਨਾਂ ਵਿੱਚ, ਅਸੀਂ ਕਈ ਮਹੱਤਵਪੂਰਨ ਪ੍ਰੋਜੈਕਟਾਂ ਜਿਵੇਂ ਕਿ ਰੇਨਲ ਟ੍ਰਾਂਸਪਲਾਂਟ ਯੂਨਿਟ, ਫੋਰੈਂਸਿਕ ਸਾਇੰਸ ਲੈਬਾਰਟਰੀ, ਨੈਸ਼ਨਲ ਲਾਇਬ੍ਰੇਰੀ ਅਤੇ ਆਰਕਾਈਵਜ਼, ਮਾਰੀਸ਼ਸ ਪੁਲਿਸ ਅਕੈਡਮੀ ਅਤੇ ਕਈ ਹੋਰਾਂ 'ਤੇ ਕੰਮ ਸ਼ੁਰੂ ਕਰਾਂਗੇ। ਮੈਂ ਅੱਜ ਦੁਹਰਾਉਣਾ ਚਾਹਾਂਗਾ ਕਿ ਭਾਰਤ ਹਮੇਸ਼ਾ ਇਸਦੀ ਵਿਕਾਸ ਯਾਤਰਾ ਵਿੱਚ ਮਾਰੀਸ਼ਸ ਦੇ ਨਾਲ ਖੜ੍ਹੇ ਰਹੇਗਾ।
ਮੈਂ ਸਾਡੇ ਸਾਰੇ ਮਾਰੀਸ਼ੀਅਨ ਭਰਾਵਾਂ ਅਤੇ ਭੈਣਾਂ ਲਈ ਖੁਸ਼ਹਾਲ, ਸਿਹਤਮੰਦ ਅਤੇ ਖੁਸ਼ਨੁਮਾ 2022 ਦੀ ਕਾਮਨਾ ਕਰਦਾ ਹਾਂ।
Vive l’amitié entre l’Inde et Maurice!
ਭਾਰਤ ਅਤੇ ਮਾਰੀਸ਼ਸ ਮੈਤ੍ਰੀ ਅਮਰ ਰਹੇ।
Vive Maurice!
ਜੈ ਹਿੰਦ!
ਤੁਹਾਡਾ ਬਹੁਤ ਧੰਨਵਾਦ ਹੈ। ਨਮਸਕਾਰ।