ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੂਸੀ ਸੰਘ ਦੇ ਰਾਸ਼ਟਰਪਤੀ, ਮਹਾਮਹਿਮ ਵਲਾਦੀਮੀਰ ਪੁਤਿਨ ਦੇ ਨਾਲ ਫੋਨ ’ਤੇ ਗੱਲ ਕੀਤੀ।
ਦੋਹਾਂ ਨੇਤਾਵਾਂ ਨੇ ਯੂਕ੍ਰੇਨ ਵਿੱਚ ਉੱਭਰਦੀ ਸਥਿਤੀ ’ਤੇ ਚਰਚਾ ਕੀਤੀ। ਰਾਸ਼ਟਰਪਤੀ ਪੁਤਿਨ ਨੇ ਯੂਕ੍ਰੇਨ ਅਤੇ ਰੂਸ ਦੀਆਂ ਟੀਮਾਂ ਦੇ ਦਰਮਿਆਨ ਵਾਰਤਾ ਦੀ ਸਥਿਤੀ ਬਾਰੇ ਪ੍ਰਧਾਨ ਮਤਰੀ ਮੋਦੀ ਨੂੰ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਰੂਸ ਅਤੇ ਯੂਕ੍ਰੇਨ ਦੇ ਦਰਮਿਆਨ ਚਲ ਰਹੀ ਵਾਰਤਾ ਦਾ ਸੁਆਗਤ ਕੀਤਾ ਅਤੇ ਆਸ਼ਾ ਵਿਅਕਤ ਕੀਤੀ ਕਿ ਇਸ ਨਾਲ ਸੰਘਰਸ਼ ਸਮਾਪਤ ਹੋ ਜਾਵੇਗਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰਾਸ਼ਟਰਪਤੀ ਪੁਤਿਨ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਦਰਮਿਆਨ ਸਿੱਧੀ ਗੱਲਬਾਤ ਨਾਲ ਸ਼ਾਂਤੀ ਦੀ ਦਿਸ਼ਾ ਵਿੱਚ ਚਲ ਰਹੇ ਪ੍ਰਯਤਨਾਂ ਵਿੱਚ ਕਾਫੀ ਮਦਦ ਮਿਲ ਸਕਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੂਮੀ ਵਿੱਚ ਅਜੇ ਵੀ ਬਾਕੀ ਬਚੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਗਹਿਰੀ ਚਿੰਤਾ ਵਿਅਕਤ ਕੀਤੀ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨੂੰ ਭਾਰਤੀ ਵਿਦਿਆਰਥੀਆਂ ਸਹਿਤ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀ ਸੁਵਿਧਾ ਪ੍ਰਦਾਨ ਕਰਨ ਦੇ ਲਈ ਵਰਤਮਾਨ ਵਿੱਚ ਜਾਰੀ ਮਾਨਵੀ ਗਲਿਆਰਿਆਂ ਨਾਲ ਸਬੰਧਿਤ ਉਪਾਵਾਂ ਬਾਰੇ ਜਾਣਕਾਰੀ ਦਿੱਤੀ।