ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ।
ਅੱਜ ਦੇਵ-ਦੀਪਾਵਲੀ ਦਾ ਪਾਵਨ ਪੁਰਬ ਹੈ। ਅੱਜ ਗੁਰੂ ਨਾਨਕ ਦੇਵ ਜੀ ਦਾ ਵੀ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਹੈ। ਮੈਂ ਵਿਸ਼ਵ ਭਰ ਵਿੱਚ ਸਾਰੇ ਲੋਕਾਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਇਸ ਪਾਵਨ ਪੁਰਬ ’ਤੇ ਹਾਰਦਿਕ ਵਧਾਈ ਦਿੰਦਾ ਹਾਂ। ਇਹ ਵੀ ਬਹੁਤ ਸੁਖਦ ਹੈ ਕਿ ਡੇਢ ਸਾਲ ਦੇ ਅੰਤਰਾਲ ਦੇ ਬਾਅਦ ਕਰਤਾਰਪੁਰ ਸਾਹਿਬ ਕੌਰੀਡੋਰ ਹੁਣ ਫਿਰ ਤੋਂ ਖੁੱਲ੍ਹ ਗਿਆ ਹੈ।
ਸਾਥੀਓ,
ਗੁਰੂ ਨਾਨਕ ਜੀ ਨੇ ਕਿਹਾ ਹੈ- ‘ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।।’
ਯਾਨੀ ਸੰਸਾਰ ਵਿੱਚ ਸੇਵਾ ਦਾ ਮਾਰਗ ਅਪਣਾਉਣ ਨਾਲ ਹੀ ਜੀਵਨ ਸਫ਼ਲ ਹੁੰਦਾ ਹੈ। ਸਾਡੀ ਸਰਕਾਰ ਇਸੇ ਸੇਵਾ ਭਾਵਨਾ ਦੇ ਨਾਲ ਦੇਸ਼ਵਾਸੀਆਂ ਦਾ ਜੀਵਨ ਅਸਾਨ ਬਣਾਉਣ ਵਿੱਚ ਜੁਟੀ ਹੈ। ਨਾ ਜਾਣੇ ਕਿਤਨੀਆਂ ਪੀੜ੍ਹੀਆਂ ਜਿਨ੍ਹਾਂ ਸੁਪਨਿਆਂ ਨੂੰ ਸੱਚ ਹੁੰਦੇ ਦੇਖਣਾ ਚਾਹੁੰਦੀਆਂ ਸਨ, ਭਾਰਤ ਅੱਜ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਭਰਪੂਰ ਪ੍ਰਯਤਨ ਕਰ ਰਿਹਾ ਹੈ।
ਸਾਥੀਓ,
ਆਪਣੇ ਪੰਜ ਦਹਾਕਿਆਂ ਦੇ ਜਨਤਕ ਜੀਵਨ ਵਿੱਚ ਮੈਂ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੂੰ, ਉਨ੍ਹਾਂ ਦੀਆਂ ਚੁਣੌਤੀਆਂ ਨੂੰ ਬਹੁਤ ਕਰੀਬ ਤੋਂ ਦੇਖਿਆ ਹੈ, ਮਹਿਸੂਸ ਕੀਤਾ ਹੈ। ਇਸ ਲਈ, ਜਦੋਂ ਦੇਸ਼ ਨੇ ਮੈਨੂੰ 2014 ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਦਾ ਅਵਸਰ ਦਿੱਤਾ ਤਾਂ ਅਸੀਂ ਕ੍ਰਿਸ਼ੀ ਵਿਕਾਸ, ਕਿਸਾਨ ਕਲਿਆਣ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ।
ਸਾਥੀਓ,
ਇਸ ਸਚਾਈ ਤੋਂ ਬਹੁਤ ਲੋਕ ਅਣਜਾਣ ਹਨ ਕਿ ਦੇਸ਼ ਦੇ 100 ਵਿੱਚੋਂ 80 ਕਿਸਾਨ ਛੋਟੇ ਕਿਸਾਨ ਹਨ। ਉਨ੍ਹਾਂ ਦੇ ਪਾਸ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਇਨ੍ਹਾਂ ਛੋਟੇ ਕਿਸਾਨਾਂ ਦੀ ਸੰਖਿਆ 10 ਕਰੋੜ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਦੀ ਪੂਰੀ ਜ਼ਿੰਦਗੀ ਦਾ ਅਧਾਰ ਇਹੀ ਛੋਟੀ ਜਿਹੀ ਜ਼ਮੀਨ ਦਾ ਟੁਕੜਾ ਹੈ। ਇਹੀ ਉਨ੍ਹਾਂ ਦੀ ਜ਼ਿੰਦਗੀ ਹੁੰਦੀ ਹੈ ਅਤੇ ਇਸ ਛੋਟੀ-ਜਿਹੀ ਜ਼ਮੀਨ ਦੇ ਸਹਾਰੇ ਹੀ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਹਨ। ਪੀੜ੍ਹੀ-ਦਰ-ਪੀੜ੍ਹੀ ਪਰਿਵਾਰਾਂ ਵਿੱਚ ਹੋਣ ਵਾਲੀ ਵੰਡ ਇਸ ਜ਼ਮੀਨ ਨੂੰ ਹੋਰ ਛੋਟਾ ਕਰ ਰਹੀ ਹੈ।
ਇਸ ਲਈ ਦੇਸ਼ ਦੇ ਛੋਟੇ ਕਿਸਾਨਾਂ ਦੀਆਂ ਚੁਣੌਤੀਆਂ ਨੂੰ ਦੂਰ ਕਰਨ ਦੇ ਲਈ, ਅਸੀਂ ਬੀਜ, ਬੀਮਾ, ਬਜ਼ਾਰ ਅਤੇ ਬੱਚਤ, ਇਨ੍ਹਾਂ ਸਭ ’ਤੇ ਚੌਤਰਫਾ ਕੰਮ ਕੀਤਾ ਹੈ। ਸਰਕਾਰ ਨੇ ਅੱਛੀ ਕੁਆਲਿਟੀ ਦੇ ਬੀਜਾਂ ਦੇ ਨਾਲ ਹੀ ਕਿਸਾਨਾਂ ਨੂੰ ਨਿੰਮ ਕੋਟੇਡ ਯੂਰੀਆ, ਸੌਇਲ ਹੈਲਥ ਕਾਰਡ, ਮਾਈਕ੍ਰੋ ਇਰੀਗੇਸ਼ਨ ਜਿਹੀਆਂ ਸੁਵਿਧਾਵਾਂ ਨਾਲ ਵੀ ਜੋੜਿਆ ਹੈ। ਅਸੀਂ 22 ਕਰੋੜ ਸੌਇਲ ਹੈਲਥ ਕਾਰਡ, ਕਿਸਾਨਾਂ ਨੂੰ ਦਿੱਤੇ ਹਨ। ਅਤੇ ਇਸ ਵਿਗਿਆਨਕ ਅਭਿਯਾਨ ਦੇ ਕਾਰਨ ਐਗਰੀਕਲਚਰ ਪ੍ਰੋਡਕਸ਼ਨ ਵੀ ਵਧੀ ਹੈ।
ਸਾਥੀਓ,
ਅਸੀਂ ਫ਼ਸਲ ਬੀਮਾ ਯੋਜਨਾ ਨੂੰ ਅਧਿਕ ਪ੍ਰਭਾਵੀ ਬਣਾਇਆ ਹੈ। ਉਸ ਦੇ ਦਾਇਰੇ ਵਿੱਚ ਜ਼ਿਆਦਾ ਕਿਸਾਨਾਂ ਨੂੰ ਲਿਆਏ ਹਾਂ। ਆਪਦਾ ਦੇ ਸਮੇਂ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਅਸਾਨੀ ਨਾਲ ਮੁਆਵਜ਼ਾ ਮਿਲ ਸਕੇ, ਇਸ ਦੇ ਲਈ ਵੀ ਪੁਰਾਣੇ ਨਿਯਮ ਬਦਲੇ। ਇਸ ਵਜ੍ਹਾ ਨਾਲ ਬੀਤੇ ਚਾਰ ਸਾਲ ਵਿੱਚ ਇੱਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁਆਵਜ਼ਾ ਸਾਡੇ ਕਿਸਾਨ ਭਾਈ-ਭੈਣਾਂ ਨੂੰ ਮਿਲਿਆ ਹੈ। ਅਸੀਂ ਛੋਟੇ ਕਿਸਾਨਾਂ ਅਤੇ ਖੇਤ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੱਕ ਬੀਮਾ ਅਤੇ ਪੈਨਸ਼ਨ ਦੀਆਂ ਸੁਵਿਧਾਵਾਂ ਨੂੰ ਵੀ ਲੈ ਆਏ ਹਾਂ। ਛੋਟੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਇੱਕ ਲੱਖ 62 ਹਜ਼ਾਰ ਕਰੋੜ ਰੁਪਏ ਟ੍ਰਾਂਸਫ਼ਰ ਕੀਤੇ, ਸਿੱਧੇ ਉਨ੍ਹਾਂ ਦੇ ਖਾਤੇ ਵਿੱਚ।
ਸਾਥੀਓ,
ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਬਦਲੇ ਉਪਜ ਦੀ ਸਹੀ ਕੀਮਤ ਮਿਲੇ, ਇਸ ਦੇ ਲਈ ਵੀ ਅਨੇਕ ਕਦਮ ਉਠਾਏ ਗਏ। ਦੇਸ਼ ਨੇ ਆਪਣੇ Rural market infrastructure ਨੂੰ ਮਜ਼ਬੂਤ ਕੀਤਾ। ਅਸੀਂ ਐੱਮਐੱਸਪੀ ਤਾਂ ਵਧਾਈ ਹੀ, ਨਾਲ ਹੀ ਨਾਲ ਰਿਕਾਰਡ ਸਰਕਾਰੀ ਖਰੀਦ ਕੇਂਦਰ ਵੀ ਬਣਾਏ ਹਨ। ਸਾਡੀ ਸਰਕਾਰ ਦੁਆਰਾ ਕੀਤੀ ਗਈ ਉਪਜ ਦੀ ਖਰੀਦ ਨੇ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦੀਆਂ ਇੱਕ ਹਜ਼ਾਰ ਤੋਂ ਜ਼ਿਆਦਾ ਮੰਡੀਆਂ ਨੂੰ e-NAM ਯੋਜਨਾ ਨਾਲ ਜੋੜਕੇ ਅਸੀਂ ਕਿਸਾਨਾਂ ਨੂੰ ਕਿਤੇ ਵੀ ਆਪਣੀ ਉਪਜ ਵੇਚਣ ਦਾ ਇੱਕ ਪਲੈਟਫਾਰਮ ਦਿੱਤਾ ਹੈ। ਅਤੇ ਇਸ ਦੇ ਨਾਲ ਹੀ ਦੇਸ਼ਭਰ ਦੀਆਂ ਕ੍ਰਿਸ਼ੀ ਮੰਡੀਆਂ ਦੇ ਆਧੁਨਿਕੀਕਰਣ ’ਤੇ ਵੀ ਅਸੀਂ ਕਰੋੜਾਂ ਰੁਪਏ ਖਰਚ ਕੀਤੇ।
ਸਾਥੀਓ,
ਅੱਜ ਕੇਂਦਰ ਸਰਕਾਰ ਦਾ ਕ੍ਰਿਸ਼ੀ ਬਜਟ ਪਹਿਲਾਂ ਦੇ ਮੁਕਾਬਲੇ ਪੰਜ ਗੁਣਾ ਵਧ ਗਿਆ ਹੈ। ਹਰ ਸਾਲ ਸਵਾ ਲੱਖ ਕਰੋੜ ਰੁਪਏ ਤੋਂ ਅਧਿਕ ਕ੍ਰਿਸ਼ੀ ’ਤੇ ਖਰਚ ਕੀਤੇ ਜਾ ਰਹੇ ਹਨ। ਇੱਕ ਲੱਖ ਕਰੋੜ ਰੁਪਏ ਦੇ agriculture infrastructure fund ਦੇ ਜ਼ਰੀਏ ਪਿੰਡ ਅਤੇ ਖੇਤ ਦੇ ਨਜ਼ਦੀਕ ਭੰਡਾਰਣ-ਇਸ ਦੀ ਵਿਵਸਥਾ, ਕ੍ਰਿਸ਼ੀ ਉਪਕਰਣ ਜਿਹੀਆਂ ਅਨੇਕ ਸੁਵਿਧਾਵਾਂ ਦਾ ਵਿਸਤਾਰ, ਇਹ ਸਾਰੀਆਂ ਗੱਲਾਂ ਤੇਜ਼ੀ ਨਾਲ ਹੋ ਰਹੀਆਂ ਹਨ।
ਛੋਟੇ ਕਿਸਾਨਾਂ ਦੀ ਤਾਕਤ ਵਧਾਉਣ ਦੇ ਲਈ ਦਸ ਹਜ਼ਾਰ FPO, ਕਿਸਾਨ ਉਤਪਾਦਕ ਸੰਗਠਨ ਬਣਾਉਣ ਦਾ ਅਭਿਯਾਨ ਵੀ ਜਾਰੀ ਹੈ। ਇਸ ’ਤੇ ਵੀ ਕਰੀਬ ਸੱਤ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। Micro irrigation fund ਦੀ ਐਲੋਕੇਸ਼ਨ ਨੂੰ ਵੀ ਦੁੱਗਣਾ ਕਰਕੇ ਦਸ ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਅਸੀਂ Crop Loan ਵੀ ਦੁੱਗਣਾ ਕਰ ਦਿੱਤਾ, ਜੋ ਇਸ ਸਾਲ 16 ਲੱਖ ਕਰੋੜ ਰੁਪਏ ਹੋ ਜਾਵੇਗਾ। ਹੁਣ ਪਸ਼ੂ-ਪਾਲਕਾਂ ਨੂੰ ਮੱਛੀ ਪਾਲਣ ਨਾਲ ਜੁੜੇ ਸਾਡੇ ਕਿਸਾਨਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਦਾ ਲਾਭ ਮਿਲਣਾ ਸ਼ੁਰੂ ਹੋ ਗਿਆ ਹੈ। ਯਾਨੀ ਸਾਡੀ ਸਰਕਾਰ ਕਿਸਾਨਾਂ ਦੇ ਹਿਤ ਵਿੱਚ ਹਰ ਸੰਭਵ ਕਦਮ ਉਠਾ ਰਹੀ ਹੈ, ਲਗਾਤਾਰ ਇੱਕ ਦੇ ਬਾਅਦ ਇੱਕ ਨਵੇਂ ਕਦਮ ਉਠਾਉਂਦੀ ਜਾ ਰਹੀ ਹੈ। ਕਿਸਾਨਾਂ ਦੀ ਆਰਥਿਕ ਸਥਿਤੀ ਸੁਧਰੇ, ਉਨ੍ਹਾਂ ਦੀ ਸਮਾਜਿਕ ਸਥਿਤੀ ਮਜ਼ਬੂਤ ਹੋਵੇ, ਇਸ ਦੇ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।
ਸਾਥੀਓ,
ਕਿਸਾਨਾਂ ਦੀ ਸਥਿਤੀ ਨੂੰ ਸੁਧਾਰਨ ਦੇ ਇਸੇ ਮਹਾਅਭਿਯਾਨ ਵਿੱਚ ਦੇਸ਼ ਵਿੱਚ ਤਿੰਨ ਕ੍ਰਿਸ਼ੀ ਕਾਨੂੰਨ ਲਿਆਂਦੇ ਗਏ ਸਨ। ਮਕਸਦ ਇਹ ਸੀ ਕਿ ਦੇਸ਼ ਦੇ ਕਿਸਾਨਾਂ ਨੂੰ, ਖਾਸ ਕਰਕੇ ਛੋਟੇ ਕਿਸਾਨਾਂ ਨੂੰ, ਹੋਰ ਤਾਕਤ ਮਿਲੇ, ਉਨ੍ਹਾਂ ਨੂੰ ਆਪਣੀ ਉਪਜ ਦੀ ਸਹੀ ਕੀਮਤ ਅਤੇ ਉਪਜ ਵੇਚਣ ਲਈ ਜ਼ਿਆਦਾ ਤੋਂ ਜ਼ਿਆਦਾ ਵਿਕਲਪ ਮਿਲਣ। ਵਰ੍ਹਿਆਂ ਤੋਂ ਇਹ ਮੰਗ ਦੇਸ਼ ਦੇ ਕਿਸਾਨ, ਦੇਸ਼ ਦੇ ਕ੍ਰਿਸ਼ੀ ਮਾਹਿਰ, ਦੇਸ਼ ਦੇ ਕ੍ਰਿਸ਼ੀ ਅਰਥਸ਼ਾਸਤਰੀ, ਦੇਸ਼ ਦੇ ਕਿਸਾਨ ਸੰਗਠਨ ਲਗਾਤਾਰ ਕਰ ਰਹੇ ਸਨ। ਪਹਿਲਾਂ ਵੀ ਕਈ ਸਰਕਾਰਾਂ ਨੇ ਇਸ ’ਤੇ ਮੰਥਨ ਵੀ ਕੀਤਾ ਸੀ। ਇਸ ਵਾਰ ਵੀ ਸੰਸਦ ਵਿੱਚ ਚਰਚਾ ਹੋਈ, ਮੰਥਨ ਹੋਇਆ ਅਤੇ ਇਹ ਕਾਨੂੰਨ ਲਿਆਂਦੇ ਗਏ। ਦੇਸ਼ ਦੇ ਕੋਨੇ-ਕੋਨੇ ਵਿੱਚ ਕੋਟਿ-ਕੋਟਿ ਕਿਸਾਨਾਂ ਨੇ, ਅਨੇਕ ਕਿਸਾਨ ਸੰਗਠਨਾਂ ਨੇ, ਇਸ ਦਾ ਸੁਆਗਤ ਕੀਤਾ, ਸਮਰਥਨ ਕੀਤਾ। ਮੈਂ ਅੱਜ ਉਨ੍ਹਾਂ ਸਾਰਿਆਂ ਦਾ ਬਹੁਤ- ਬਹੁਤ ਆਭਾਰੀ ਹਾਂ, ਧੰਨਵਾਦ ਕਰਨਾ ਚਾਹੁੰਦਾ ਹਾਂ।
ਸਾਥੀਓ,
ਸਾਡੀ ਸਰਕਾਰ, ਕਿਸਾਨਾਂ ਦੇ ਕਲਿਆਣ ਦੇ ਲਈ, ਖਾਸ ਕਰਕੇ ਛੋਟੇ ਕਿਸਾਨਾਂ ਦੇ ਕਲਿਆਣ ਦੇ ਲਈ , ਦੇਸ਼ ਦੇ ਕ੍ਰਿਸ਼ੀ ਜਗਤ ਦੇ ਹਿਤ ਵਿੱਚ, ਦੇਸ਼ ਦੇ ਹਿਤ ਵਿੱਚ, ਪਿੰਡ ਗ਼ਰੀਬ ਦੇ ਉੱਜਵਲ ਭਵਿੱਖ ਦੇ ਲਈ, ਪੂਰੀ ਸੱਚੀ ਨਿਸ਼ਠਾ ਨਾਲ, ਕਿਸਾਨਾਂ ਦੇ ਪ੍ਰਤੀ ਪੂਰਨ ਸਮਰਪਣ ਭਾਵ ਨਾਲ, ਨੇਕ ਨੀਅਤ ਨਾਲ ਇਹ ਕਾਨੂੰਨ ਲੈ ਕੇ ਆਈ ਸੀ। ਲੇਕਿਨ ਇਤਨੀ ਪਵਿੱਤਰ ਬਾਤ, ਪੂਰੀ ਤਰ੍ਹਾਂ ਨਾਲ ਸ਼ੁੱਧ, ਕਿਸਾਨਾਂ ਦੇ ਹਿਤ ਦੀ ਬਾਤ, ਅਸੀਂ ਆਪਣੇ ਪ੍ਰਯਤਨਾਂ ਦੇ ਬਾਵਜੂਦ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਪਾਏ ਹਾਂ।
ਭਲੇ ਹੀ ਕਿਸਾਨਾਂ ਦਾ ਇੱਕ ਵਰਗ ਹੀ ਵਿਰੋਧ ਕਰ ਰਿਹਾ ਸੀ, ਲੇਕਿਨ ਫਿਰ ਵੀ ਇਹ ਸਾਡੇ ਲਈ ਮਹੱਤਵਪੂਰਨ ਸੀ। ਕ੍ਰਿਸ਼ੀ ਅਰਥਸ਼ਾਸਤਰੀਆਂ ਨੇ, ਵਿਗਿਆਨੀਆਂ ਨੇ, ਪ੍ਰਗਤੀਸ਼ੀਲ ਕਿਸਾਨਾਂ ਨੇ ਵੀ ਉਨ੍ਹਾਂ ਨੂੰ ਕ੍ਰਿਸ਼ੀ ਕਾਨੂੰਨਾਂ ਦੇ ਮਹੱਤਵ ਨੂੰ ਸਮਝਾਉਣ ਦਾ ਭਰਪੂਰ ਪ੍ਰਯਤਨ ਵੀ ਕੀਤਾ। ਅਸੀਂ ਪੂਰੀ ਵਿਨਮਰਤਾ ਨਾਲ, ਖੁੱਲ੍ਹੇ ਮਨ ਨਾਲ ਉਨਾਂ ਨੂੰ ਸਮਝਾਉਂਦੇ ਰਹੇ। ਅਨੇਕ ਮਾਧਿਅਮਾਂ ਜ਼ਰੀਏ ਵਿਅਕਤੀਗਤ ਅਤੇ ਸਮੂਹਿਕ ਬਾਤਚੀਤ ਵੀ ਲਗਾਤਾਰ ਹੁੰਦੀ ਰਹੀ। ਅਸੀਂ ਕਿਸਾਨਾਂ ਦੀਆਂ ਗੱਲਾਂ ਨੂੰ, ਉਨ੍ਹਾਂ ਦੇ ਤਰਕ ਨੂੰ ਸਮਝਣ ਵਿੱਚ ਵੀ ਕੋਈ ਕੋਰ-ਕਸਰ ਬਾਕੀ ਨਹੀਂ ਛੱਡੀ।
ਕਾਨੂੰਨ ਦੇ ਜਿਨ੍ਹਾਂ ਪ੍ਰਾਵਧਾਨਾਂ ’ਤੇ ਉਨਾਂ ਨੂੰ ਇਤਰਾਜ਼ ਸੀ, ਸਰਕਾਰ ਉਨ੍ਹਾਂ ਨੂੰ ਬਦਲਣ ਦੇ ਲਈ ਵੀ ਤਿਆਰ ਹੋ ਗਈ। ਦੋ ਸਾਲ ਤੱਕ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਸਸਪੈਂਡ ਕਰਨ ਦਾ ਵੀ ਪ੍ਰਸਤਾਵ ਦਿੱਤਾ। ਇਸੇ ਦੌਰਾਨ ਇਹ ਵਿਸ਼ਾ ਮਾਣਯੋਗ ਸੁਪਰੀਮ ਕੋਰਟ ਦੇ ਪਾਸ ਵੀ ਚਲਾ ਗਿਆ। ਇਹ ਸਾਰੀਆਂ ਗੱਲਾਂ ਦੇਸ਼ ਦੇ ਸਾਹਮਣੇ ਹਨ, ਇਸ ਲਈ ਮੈਂ ਇਨ੍ਹਾਂ ਦੇ ਅਧਿਕ ਵਿਸਤਾਰ ਵਿੱਚ ਨਹੀਂ ਜਾਵਾਂਗਾ।
ਸਾਥੀਓ,
ਮੈਂ ਅੱਜ ਦੇਸ਼ਵਾਸੀਆਂ ਤੋਂ ਖਿਮਾ ਮੰਗਦੇ ਹੋਏ ਸੱਚੇ ਮਨ ਤੋਂ ਅਤੇ ਪਵਿੱਤਰ ਹਿਰਦੇ ਤੋਂ ਕਹਿਣਾ ਚਾਹੁੰਦਾ ਹਾਂ ਕਿ ਸ਼ਾਇਦ ਸਾਡੀ ਤਪੱਸਿਆ ਵਿੱਚ ਹੀ ਕੋਈ ਕਮੀ ਰਹੀ ਹੋਵੇਗੀ ਜਿਸ ਦੇ ਕਾਰਨ ਦੀਵੇ ਦੇ ਪ੍ਰਕਾਸ਼ ਜਿਹਾ ਸੱਚ ਖ਼ੁਦ ਕਿਸਾਨ ਭਾਈਆਂ ਨੂੰ ਅਸੀਂ ਸਮਝਾਅ ਨਹੀਂ ਪਾਏ।
ਅੱਜ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ। ਇਹ ਸਮਾਂ ਕਿਸੇ ਨੂੰ ਵੀ ਦੋਸ਼ ਦੇਣ ਦਾ ਨਹੀਂ ਹੈ। ਅੱਜ ਮੈਂ ਤੁਹਾਨੂੰ, ਪੂਰੇ ਦੇਸ਼ ਨੂੰ, ਇਹ ਦੱਸਣ ਆਇਆ ਹਾਂ ਕਿ ਅਸੀਂ ਤਿੰਨਾਂ ਕ੍ਰਿਸ਼ੀ ਕਾਨੂੰਨਾਂ ਨੂੰ ਵਾਪਸ ਲੈਣ ਦਾ, Repeal ਕਰਨ ਦਾ ਨਿਰਣਾ ਲਿਆ ਹੈ। ਇਸ ਮਹੀਨੇ ਦੇ ਅੰਤ ਵਿੱਚ ਸ਼ੁਰੂ ਹੋਣ ਜਾ ਰਹੇ ਸੰਸਦ ਸੈਸ਼ਨ ਵਿੱਚ, ਅਸੀਂ ਇਨ੍ਹਾਂ ਤਿੰਨਾਂ ਕ੍ਰਿਸ਼ੀ ਕਾਨੂੰਨਾਂ ਨੂੰ Repeal ਕਰਨ ਦੀ ਸੰਵਿਧਾਨਕ ਪ੍ਰਕਿਰਿਆ ਨੂੰ ਪੂਰਾ ਕਰ ਦੇਵਾਂਗੇ।
ਸਾਥੀਓ,
ਮੈਂ ਅੱਜ ਆਪਣੇ ਸਾਰੇ ਅੰਦੋਲਨਰਤ ਕਿਸਾਨ ਸਾਥੀਆਂ ਨੂੰ ਤਾਕੀਦ ਕਰ ਰਿਹਾ ਹਾਂ, ਅੱਜ ਗੁਰਪੁਰਬ ਦਾ ਪਵਿੱਤਰ ਦਿਨ ਹੈ। ਹੁਣ ਤੁਸੀਂ ਆਪਣੇ-ਆਪਣੇ ਘਰ ਪਰਤੋ, ਆਪਣੇ ਖੇਤ ਵਿੱਚ ਪਰਤੋ, ਆਪਣੇ ਪਰਿਵਾਰ ਦੇ ਵਿੱਚ ਪਰਤੋ। ਆਓ ਇੱਕ ਨਵੀਂ ਸ਼ੁਰੂਆਤ ਕਰਦੇ ਹਾਂ। ਨਵੇਂ ਸਿਰੇ ਤੋਂ ਅੱਗੇ ਵਧਦੇ ਹਾਂ।
ਸਾਥੀਓ,
ਅੱਜ ਹੀ ਸਰਕਾਰ ਨੇ ਕ੍ਰਿਸ਼ੀ ਖੇਤਰ ਨਾਲ ਜੁੜਿਆ ਇੱਕ ਹੋਰ ਅਹਿਮ ਫ਼ੈਸਲਾ ਲਿਆ ਹੈ। ਜ਼ੀਰੋ ਬਜਟ ਖੇਤੀ ਯਾਨੀ ਕੁਦਰਤੀ ਖੇਤੀ ਨੂੰ ਹੁਲਾਰਾ ਦੇਣ ਦੇ ਲਈ, ਦੇਸ਼ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਕੇ ਕ੍ਰੌਪ ਪੈਟਰਨ ਨੂੰ ਵਿਗਿਆਨਕ ਤਰੀਕੇ ਨਾਲ ਬਦਲਣ ਦੇ ਲਈ, ਐੱਮਐੱਸਪੀ ਨੂੰ ਹੋਰ ਅਧਿਕ ਪ੍ਰਭਾਵੀ ਅਤੇ ਪਾਰਦਰਸ਼ੀ ਬਣਾਉਣ ਦੇ ਲਈ, ਅਜਿਹੇ ਸਾਰੇ ਵਿਸ਼ਿਆਂ ’ਤੇ, ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਨਿਰਣਾ ਲੈਣ ਦੇ ਲਈ, ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਕਮੇਟੀ ਵਿੱਚ ਕੇਂਦਰ ਸਰਕਾਰ, ਰਾਜ ਸਰਕਾਰਾਂ ਦੇ ਪ੍ਰਤੀਨਿਧੀ ਹੋਣਗੇ, ਕਿਸਾਨ ਹੋਣਗੇ, ਕ੍ਰਿਸ਼ੀ ਵਿਗਿਆਨੀ ਹੋਣਗੇ, ਕ੍ਰਿਸ਼ੀ ਅਰਥਸ਼ਾਸਤਰੀ ਹੋਣਗੇ।
ਸਾਥੀਓ,
ਸਾਡੀ ਸਰਕਾਰ ਕਿਸਾਨਾਂ ਦੇ ਹਿਤ ਵਿੱਚ ਕੰਮ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਭਾਵਨਾ ਵਿੱਚ ਆਪਣੀ ਬਾਤ ਸਮਾਪਤ ਕਰਾਂਗਾ-
‘ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।।’
ਹੇ ਦੇਵੀ, ਮੈਨੂੰ ਇਹ ਵਰ ਦਿਓ ਕਿ ਮੈਂ ਸ਼ੁਭ ਕਰਮ ਕਰਨ ਤੋਂ ਕਦੇ ਪਿੱਛੇ ਨਾ ਹਟਾਂ।
ਜੋ ਕੀਤਾ ਕਿਸਾਨਾਂ ਦੇ ਲਈ ਕੀਤਾ, ਜੋ ਕਰ ਰਿਹਾ ਹਾਂ ਦੇਸ਼ ਦੇ ਲਈ ਕਰ ਰਿਹਾ ਹਾਂ। ਆਪ ਸਭ ਦੇ ਅਸ਼ੀਰਵਾਦ ਨਾਲ ਮੈਂ ਮਿਹਨਤ ਵਿੱਚ ਪਹਿਲਾਂ ਵੀ ਕੋਈ ਕਮੀ ਨਹੀਂ ਕੀਤੀ ਸੀ। ਅੱਜ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਹੁਣ ਹੋਰ ਜ਼ਿਆਦਾ ਮਿਹਨਤ ਕਰਾਂਗਾ ਤਾਕਿ ਤੁਹਾਡੇ ਸੁਪਨੇ ਸਾਕਾਰ ਹੋ ਸਕਣ, ਦੇਸ਼ ਦੇ ਸੁਪਨੇ ਸਾਕਾਰ ਹੋ ਸਕਣ।
ਤੁਹਾਡਾ ਬਹੁਤ-ਬਹੁਤ ਧੰਨਵਾਦ! ਨਮਸਕਾਰ!