ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਦਰਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਮਾਰਕ ਰੂਟੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।
ਦੋਹਾਂ ਨੇਤਾਵਾਂ ਨੇ ਭਾਰਤ-ਨੀਦਰਲੈਂਡ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਪਾਣੀ 'ਤੇ ਰਣਨੀਤਕ ਸਾਂਝੇਦਾਰੀ, ਖੇਤੀਬਾੜੀ ਦੇ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ, ਉੱਚ ਤਕਨੀਕ ਅਤੇ ਉੱਭਰ ਰਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਸੰਭਾਵਨਾ ਆਦਿ ਸ਼ਾਮਲ ਹਨ। ਦੋਹਾਂ ਨੇਤਾਵਾਂ ਨੇ ਭਾਰਤ-ਯੂਰੋਪੀਅਨ ਯੂਨੀਅਨ ਦੇ ਸਬੰਧਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਾਂਝੇ ਦ੍ਰਿਸ਼ਟੀਕੋਣ ਅਤੇ ਸਹਿਯੋਗ ਸਮੇਤ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਹਾਲ ਹੀ ਦੇ ਸਾਲਾਂ ਵਿੱਚ ਭਾਰਤ-ਨੀਦਰਲੈਂਡ ਸਬੰਧ ਲਗਾਤਾਰ ਉੱਚ ਪੱਧਰੀ ਦੌਰਿਆਂ ਅਤੇ ਗੱਲਬਾਤ ਨਾਲ ਸਬੰਧ ਹੋਰ ਮਜ਼ਬੂਤ ਹੋਏ ਹਨ। ਦੋਵਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਸਿਖਰ ਬੈਠਕ 09 ਅਪ੍ਰੈਲ 2021 ਨੂੰ ਵਰਚੁਅਲੀ ਹੋਈ ਸੀ ਅਤੇ ਉਦੋਂ ਤੋਂ ਦੋਹਾਂ ਨੇਤਾਵਾਂ ਦੇ ਦਰਮਿਆਨ ਨਿਯਮਿਤ ਗੱਲਬਾਤ ਹੁੰਦੀ ਰਹੀ ਹੈ। ਵਰਚੁਅਲ ਸਿਖਰ ਬੈਠਕ ਦੇ ਦੌਰਾਨ ਨੀਦਰਲੈਂਡ ਦੇ ਨਾਲ 'ਪਾਣੀ 'ਤੇ ਰਣਨੀਤਕ ਭਾਈਵਾਲੀ' ਦੀ ਸ਼ੁਰੂਆਤ ਕੀਤੀ ਗਈ ਸੀ।
ਇਸ ਸਾਲ, ਭਾਰਤ ਅਤੇ ਨੀਦਰਲੈਂਡ ਸਾਂਝੇ ਤੌਰ 'ਤੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 75 ਸਾਲਾਂ ਦਾ ਜਸ਼ਨ ਮਨਾ ਰਹੇ ਹਨ। ਇਸ ਵਿਸ਼ੇਸ਼ ਪ੍ਰਾਪਤੀ ਨੂੰ 4-7 ਅਪ੍ਰੈਲ 2022 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਨੀਦਰਲੈਂਡ ਦੀ ਸਰਕਾਰੀ ਯਾਤਰਾ ਨਾਲ ਮਨਾਇਆ ਗਿਆ।